ਚੰਡੀਗੜ੍ਹ, 25 ਜਨਵਰੀ 2022 – ਚੋਣ ਕਮਿਸ਼ਨ ਭਾਰਤ ਵਲੋਂ ਜਾਰੀ ਹਦਾਇਤਾਂ ਅਨੁਸਾਰ ਰਿਟਰਨਿੰਗ ਅਫਸਰ ਦੇ ਦਫ਼ਤਰ ਵਿਖੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਉਮੀਦਵਾਰ ਨਾਲ ਦੋ ਵਿਅਕਤੀ ਹੀ ਜਾ ਸਕਣਗੇ। ਚੋਣ ਕਮਿਸ਼ਨ ਭਾਰਤ ਵਲੋਂ ਇਹ ਫੈਸਲਾ ਕੋਰੋਨਾ ਕਾਰਨ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ.ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਪਹਿਲਾਂ ਤੋਂ ਜਾਰੀ ਹਦਾਇਤਾਂ ਵਿੱਚ ਸੋਧ ਕਰਦੋ ਹੋਏ ਨਾਮਜਦਗੀ ਪੱਤਰ ਦਾਖਲ ਕਰਨ ਸਮੇਂ ਨਾਲ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ ਪੰਜ ਤੋਂ ਘਟਾ ਕੇ ਦੋ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਨਾਮਜ਼ਦਗੀ ਪੱਤਰ ਦਾਖਲ ਕਰਨ ਜਾਣ ਲਈ ਪਹਿਲਾਂ ਤੋਂ ਤਿੰਨ ਗੱਡੀਆਂ ਦੀ ਸੰਖਿਆ ਨੂੰ ਘਟਾ ਕੇ ਦੋ ਕਰ ਦਿੱਤਾ ਗਿਆ ਹੈ।
ਉਹਨਾਂ ਦੱਸਿਆ ਕਿ ਉਮੀਦਵਾਰ ਲਈ ਨਾਮਜ਼ਦਗੀ ਪੱਤਰ ਸੀ.ਈ.ਉ./ਡੀ.ਈ.ਉ. ਦੀ ਵੈਬਸਾਇਟ ਤੇ ਵੀ ਉਪਲੰਬਧ ਕਰਵਾਇਆ ਗਿਆ ਹੈ ਜਿਸ ਨੂੰ ਉਮੀਦਵਾਰ ਔਨਲਾਈਨ ਭਰਨ ਉਪਰੰਤ ਪ੍ਰਿੰਟ ਐਫੀਡੈਵਟ ਜੋ ਕਿ ਨੋਟਰੀ ਵਲੋਂ ਤਸਦੀਕਸ਼ੁਦਾ ਐਫੀਡੈਵਟ ਨਾਲ ਨੱਥੀ ਕਰਕੇ ਜਮਾ ਕਰਵਾ ਸਕਦੇ ਹਨ।
ਡਾ. ਰਾਜੂ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ ਨਾਮਜ਼ਦਗੀ ਪੱਤਰ ਕਰਵਾਉਣ ਵਾਲੇ ਉਮੀਦਵਾਰਾਂ ਨੂੰ ਸਟੈਗਰਡ ਮੈਨਰ ਵਿੱਚ ਬੁਲਾ ਕੇ ਵੀ ਨਾਮਜ਼ਦਗੀ ਪੱਤਰ ਹਾਸਲ ਕਰ ਸਕਦੇ ਹਨ ਤਾਂ ਜੋ ਇੱਕ ਸਮੇਂ ‘ਤੇ ਹੀ ਭੀੜ ਜਮਾ ਨਾ ਹੋ ਸਕੇ।
ਉਨਾਂ ਦੱਸਿਆ ਕਿ ਉਮੀਦਵਾਰ ਜ਼ਮਾਨਤ ਰਾਸ਼ੀ ਆਨਲਾਈਨ ਵਿਧੀ ਰਾਹੀਂ ਜਮਾਂ ਕਰਵਾ ਸਕਦਾ ਹੈ ਇਸ ਤੋਂ ਇਲਾਵਾ ਖਜ਼ਾਨੇ ਵਿੱਚ ਜ਼ਮਾਨਤ ਰਾਸ਼ੀ ਜਮਾਂ ਕਰਵਾਉਣ ਦੀ ਸਹੂਲਤ ਵੀ ਉਪਲੱਬਧ ਹੈ।
ਸੀ.ਈ.ਓ ਨੇ ਦੱਸਿਆ ਕਿ ਉਮੀਦਵਾਰ ਆਨਲਾਈਨ ਵਿਧੀ ਰਾਹੀਂ ਆਪਣਾ ਵੋਟਰ ਪ੍ਰਮਾਣ ਪੱਤਰ ਵੀ ਹਾਸਿਲ ਕਰ ਸਕਦਾ ਹੈ।











