ਚੰਡੀਗੜ੍ਹ, 13 ਜਨਵਰੀ 2022 – ਪੰਜਾਬ ‘ਚ ਕਾਂਗਰਸ ਦਾ ਸੀ ਐਮ ਫੇਸ ਕੌਣ ਹੋਵੇਗਾ, ਇਸ ਸਬੰਧੀ ਹੁਣ ਕਾਂਗਰਸ ਹਾਈ ਕਮਾਂਡ ਫਿਕਰਾਂ ‘ਚ ਪੈ ਗਈ ਹੈ। ਕਿਉਂਕਿ ਹੁਣ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ ਕਰਨ ਦੀ ਮੰਗ ਕਰਨ ਲੱਗ ਗਏ ਹਨ। ਇਸ ਤੋਂ ਬਿਨਾਂ ਦੋਵੇਂ ਹੀ ਕਈ ਥਾਵਾਂ ‘ਤੇ ਆਪਣਾ ਨਾਵਾਂ ਦੀ ਪੁਸ਼ਟੀ ਵੀ ਕਰ ਚੁੱਕੇ ਹਨ ਅਤੇ ਆਪਣੇ ਨਾਂਅ ਹੇਠ ਵੋਟਾਂ ਵੀ ਮੰਗ ਚੁੱਕੇ ਹਨ।
ਇਸ ਤੋਂ ਬਿਨਾਂ ਸਿੱਧੂ ਚਾਹੁੰਦੇ ਹਨ ਕਿ ਕਾਂਗਰਸ ਸੀ ਐਮ ਦੇ ਨਾਂਅ ਦਾ ਐਲਾਨ ਕਰਨ, ਉਹ ਕਈ ਵਾਰ ਕਹਿ ਚੁੱਕੇ ਹਨ ਕਿ ਬਿਨਾਂ ਲਾੜੇ ਤੋਂ ਬਾਰਾਤ ਨਹੀਂ ਹੁੰਦੀ। ਇਸ ਤੋਂ ਬਿਨਾਂ ਜਦੋਂ 2017 ਦੀਆਂ ਚੋਣਾਂ ਹੋਈਆਂ ਸਨ ਤਾਂ ਆਮ ਆਦਮੀ ਪਾਰਟੀ ਨੇ ਬਿਨਾਂ ਸੀ ਐਮ ਦੇ ਐਲਾਨ ਚੋਣਾਂ ਲੜ ਕੇ ਇੱਕ ਵੱਡਾ ਦਾਅ ਖੇਡਿਆ ਸੀ ਜੋ ਕਿ ਪੁੱਠਾ ਪੈ ਗਿਆ ਸੀ ਅਤੇ ਚਾਰੇ ਪਾਸੇ ਆਪ ਦੀ ਹਵਾ ਹੋਣ ਦੇ ਬਾਵਜੂਦ ਵੀ ਪਾਰਟੀ ਚੋਣ ਹਾਰ ਗਈ ਸੀ। ਇਸ ਵੇਲੇ ਇਹੀ ਚਿੰਤਾ ਕਾਂਗਰਸ ਪਾਰਟੀ ਨੂੰ ਵੀ ਹੈ, ਪਰ ਉਹ ਇਸ ਵੇਲੇ ਦੁਚਿੱਤੀ ‘ਚ ਹਨ ਕਿ ਇਸ ਵੇਲੇ ਨਵਜੋਤ ਸਿੱਧੂ, ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ ਦੇ ਨਾਂਅ ਸੀ ਐਮ ਲਈ ਵਿਚਾਰਨਯੋਗ ਹਨ, ਪਰ ਕਾਂਗਰਸ ਕਿਸੇ ਇੱਕ ਦਾ ਨਾਂਅ ਐਲਾਨ ਕਰਕੇ ਬਾਕੀਆਂ ਦੀ ਨਾਰਾਜ਼ਗੀ ਮੁੱਲ ਨਹੀਂ ਲੈਣਾ ਚਾਹੁੰਦੀ।
ਕਾਂਗਰਸ ਹਾਈ ਕਮਾਂਡ ਦਾ ਮੰਨਣਾ ਹੈ ਕਿ ਕਿਸੇ ਇੱਕ ਦੇ ਵੀ ਨਾਰਾਜ਼ ਹੋਣ ਨਾਲ ਪਾਰਟੀ ਨੂੰ ਕਾਫੀ ਵੱਡਾ ਨੁਕਸਾਨ ਹੋ ਸਕਦਾ ਹੈ। ਪਰ ਹੁਣ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ ਕਰਨ ਦੀ ਮੰਗ ਕਰਨ ਲੱਗ ਗਏ ਹਨ। ਇਸ ਲਈ ਪੰਜਾਬ ਵਿਧਾਨ ਸਭਾ ਚੋਣਾਂ ‘ਚ ਕੌਣ ਹੋਵੇਗਾ ਕਾਂਗਰਸ ਦਾ ‘ਕੈਪਟਨ’ ? ਕਾਂਗਰਸ ਹਾਈਕਮਾਂਡ ਨੂੰ ਇਹ ਦੱਸਣਾ ਪੈ ਸਕਦਾ ਹੈ। ਜੇਕਰ ਚੋਣਾਂ ਤੋਂ ਬਾਅਦ ਸਰਕਾਰ ਬਣਦੀ ਹੈ ਤਾਂ ਕੀ ਸੀ.ਐਮ ਚਰਨਜੀਤ ਚੰਨੀ ਬਣੇ ਰਹਿਣਗੇ ਜਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਪ੍ਰਧਾਨਗੀ ਸੰਭਾਲਣਗੇ ? ਇਸ ਨੂੰ ਲੈ ਕੇ ਲੜਾਈ ਤੇਜ਼ ਹੋ ਗਈ ਹੈ।
2017 ਵਿੱਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਦਾ ਐਲਾਨ ਕੀਤਾ ਸੀ। ਹਾਲਾਂਕਿ, ਫਿਰ ਇਹ ਸਿਆਸੀ ਜੂਆ ਆਮ ਆਦਮੀ ਪਾਰਟੀ (ਆਪ) ਨੂੰ ਹਰਾਉਣ ਲਈ ਸੀ। ਇਹ ਬਾਹਰੀ ਬਨਾਮ ਪੰਜਾਬੀ ਦੀ ਲੜਾਈ ਸੀ। ਇਸ ਬਾਜ਼ੀ ਵਿਚ ਕਾਂਗਰਸ ਵੀ ਕਾਮਯਾਬ ਰਹੀ। ਇਸ ਵਾਰ ‘ਆਪ’ ਪੰਜਾਬੀ ਅਤੇ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਉਮੀਦਵਾਰ ਬਣਾਏਗੀ, ਇਸ ਲਈ ਅਜਿਹੇ ‘ਚ ਕਾਂਗਰਸ ਸਾਹਮਣੇ ਚੁਣੌਤੀਆਂ ਹੋਰ ਵੀ ਵੱਧ ਹਨ।