August 9, 2026, 3:17 pm
----------- Advertisement -----------
HomeNewsBreaking Newsਪੰਜਾਬ ਪੁਲਿਸ ਨੇ ਸੰਗਠਿਤ ਅਪਰਾਧ ਦੇ ਪੂਰੇ ਨੈੱਟਵਰਕ ’ਤੇ ਕੀਤਾ ਵਾਰ; ‘ਗੈਂਗਸਟਰਾਂ...

ਪੰਜਾਬ ਪੁਲਿਸ ਨੇ ਸੰਗਠਿਤ ਅਪਰਾਧ ਦੇ ਪੂਰੇ ਨੈੱਟਵਰਕ ’ਤੇ ਕੀਤਾ ਵਾਰ; ‘ਗੈਂਗਸਟਰਾਂ ’ਤੇ ਵਾਰ’ ਤਹਿਤ 58,000 ਤੋਂ ਵੱਧ ਅਪਰਾਧੀਆਂ ਖ਼ਿਲਾਫ਼ ਕਾਰਵਾਈ

Published on

----------- Advertisement -----------

ਮੋਹਾਲੀ (ਐੱਸ.ਏ.ਐੱਸ. ਨਗਰ); 08 ਅਗਸਤ 2026:ਪੰਜਾਬ ਪੁਲਿਸ ਦਾ ਪ੍ਰਮੁੱਖ ਐਂਟੀ-ਗੈਂਗਸਟਰ ਅਭਿਆਨ ‘ਗੈਂਗਸਟਰਾਂ ’ਤੇ ਵਾਰ’ ਸੰਗਠਿਤ ਅਪਰਾਧ ਵਿਰੁੱਧ ਸੂਬੇ ਵਿੱਚ ਚਲਾਏ ਜਾ ਰਹੇ ਸਭ ਤੋਂ ਵਿਆਪਕ ਅਤੇ ਨਿਰੰਤਰ ਅਭਿਆਨਾਂ ਵਿੱਚੋਂ ਇੱਕ ਵਜੋਂ ਉੱਭਰਦਿਆਂ ਆਪਣੇ 200 ਦਿਨ ਪੂਰੇ ਕਰ ਚੁੱਕਾ ਹੈ। ਇਸ ਅਭਿਆਨ ਦੌਰਾਨ ਪੁਲਿਸ ਨੇ ਪੂਰੇ ਪੰਜਾਬ ਵਿੱਚ 1,09,087 ਛਾਪੇਮਾਰੀਆਂ ਕੀਤੀਆਂ, 1,532 ਭਗੌੜੇ ਅਪਰਾਧੀਆਂ (ਪ੍ਰੋਕਲੇਮਡ ਅਫੈਂਡਰਜ਼) ਨੂੰ ਗ੍ਰਿਫ਼ਤਾਰ ਕੀਤਾ, 58,212 ਅਪਰਾਧੀਆਂ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਕਾਰਵਾਈ ਕੀਤੀ, ਵੱਡੀ ਮਾਤਰਾ ਵਿੱਚ ਗੈਰ-ਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਅਤੇ ਸੰਗਠਿਤ ਅਪਰਾਧੀ ਗਿਰੋਹਾਂ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੱਤਾ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ੁਰੂ ਕੀਤਾ ਗਿਆ ‘ਗੈਂਗਸਟਰਾਂ ’ਤੇ ਵਾਰ’ ਇੱਕ ਖ਼ੁਫ਼ੀਆ ਜਾਣਕਾਰੀ-ਆਧਾਰਿਤ ਅਭਿਆਨ ਹੈ, ਜਿਸ ਦਾ ਉਦੇਸ਼ ਨਿਸ਼ਾਨਾਬੱਧ ਕਾਰਵਾਈ, ਅੰਤਰਰਾਜੀ ਅਤੇ ਅੰਤਰਰਾਸ਼ਟਰੀ ਤਾਲਮੇਲ, ਵਿੱਤੀ ਜਾਂਚਾਂ ਅਤੇ ਤਕਨਾਲੋਜੀ-ਆਧਾਰਿਤ ਪੁਲਿਸਿੰਗ ਰਾਹੀਂ ਸੰਗਠਿਤ ਅਪਰਾਧੀ ਗਿਰੋਹਾਂ ਦਾ ਮੁਕੰਮਲ ਸਫ਼ਾਇਆ ਕਰਨਾ ਹੈ।

ਇਸ ਮੌਕੇ ’ਤੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਕਿਹਾ ਕਿ ਇਹ ਅਭਿਆਨ ਹੁਣ ਇੱਕ ਬਹੁ-ਪੱਖੀ ਕਾਰਵਾਈ ਦਾ ਰੂਪ ਧਾਰ ਚੁੱਕਾ ਹੈ, ਜੋ ਸਿਰਫ਼ ਗੈਂਗਸਟਰਾਂ ਹੀ ਨਹੀਂ, ਸਗੋਂ ਸੰਗਠਿਤ ਅਪਰਾਧ ਨੂੰ ਹੁਲਾਰਾ ਦੇਣ ਵਾਲੇ ਪੂਰੇ ਤੰਤਰ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਨ੍ਹਾਂ ਕਿਹਾ, “‘ਗੈਂਗਸਟਰਾਂ ’ਤੇ ਵਾਰ’ ਦੇ ਪਹਿਲੇ 200 ਦਿਨਾਂ ਨੇ ਲਗਾਤਾਰ ਅਤੇ ਖ਼ੁਫ਼ੀਆ-ਆਧਾਰਿਤ ਪੁਲਿਸਿੰਗ ਦੀ ਪ੍ਰਭਾਵਸ਼ੀਲਤਾ ਨੂੰ ਸਾਬਤ ਕੀਤਾ ਹੈ। ਸਾਡੀ ਰਣਨੀਤੀ ਸਿਰਫ਼ ਗ੍ਰਿਫ਼ਤਾਰੀਆਂ ਤੱਕ ਸੀਮਤ ਨਹੀਂ, ਸਗੋਂ ਸੰਗਠਿਤ ਅਪਰਾਧ ਨੂੰ ਮਜ਼ਬੂਤੀ ਦੇਣ ਵਾਲੇ ਪੂਰੇ ਨੈੱਟਵਰਕ—ਸਾਥੀਆਂ, ਵਿੱਤੀ ਸਰੋਤਾਂ, ਲੌਜਿਸਟਿਕ ਪ੍ਰਬੰਧ, ਸੰਚਾਰ ਮਾਧਿਅਮਾਂ ਅਤੇ ਵਿਦੇਸ਼ਾਂ ਵਿੱਚ ਮੌਜੂਦ ਸੰਪਰਕਾਂ—ਨੂੰ ਤੋੜਨ ’ਤੇ ਕੇਂਦਰਿਤ ਹੈ। ਪੰਜਾਬ ਪੁਲਿਸ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਦੇਸ਼ ਦੇ ਅੰਦਰ ਜਾਂ ਬਾਹਰ ਸਰਗਰਮ ਕਿਸੇ ਵੀ ਗੈਂਗਸਟਰ ਲਈ ਕੋਈ ਸੁਰੱਖਿਅਤ ਪਨਾਹਗਾਹ ਨਾ ਬਚੇ।”

ਇਨ੍ਹਾਂ 200 ਦਿਨਾਂ ਦੌਰਾਨ 1,532 ਭਗੌੜੇ ਅਪਰਾਧੀਆਂ (ਪੀਓਜ਼) ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ 58,212 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ, ਜਿਨ੍ਹਾਂ ਵਿੱਚ 853 ਗੈਂਗਸਟਰ ਅਤੇ ਉਨ੍ਹਾਂ ਦੇ ਸਾਥੀ ਅਤੇ 57,359 ਲੋੜੀਂਦੇ ਅਪਰਾਧੀ ਸ਼ਾਮਲ ਹਨ।

ਨਿਵਾਰਕ ਪੁਲਿਸਿੰਗ ਤਹਿਤ 28,201 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਵਿੱਚ 577 ਗੈਂਗਸਟਰ ਅਤੇ ਉਨ੍ਹਾਂ ਦੇ ਸਾਥੀ ਅਤੇ 27,624 ਲੋੜੀਂਦੇ ਅਪਰਾਧੀ ਸ਼ਾਮਲ ਸਨ। ਇਸੇ ਤਰ੍ਹਾਂ 18,514 ਵਿਅਕਤੀਆਂ ਦੀ ਤਸਦੀਕ ਕਰਨ ਉਪਰੰਤ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ, ਜਿਨ੍ਹਾਂ ਵਿੱਚ 1,529 ਗੈਂਗਸਟਰ ਅਤੇ ਉਨ੍ਹਾਂ ਦੇ ਸਾਥੀ ਅਤੇ 16,985 ਲੋੜੀਂਦੇ ਅਪਰਾਧੀ ਸ਼ਾਮਲ ਸਨ। ਕੁੱਲ ਮਿਲਾ ਕੇ ਇਸ ਅਭਿਆਨ ਦੌਰਾਨ 1,04,927 ਵਿਅਕਤੀ ਪੁਲਿਸ ਕਾਰਵਾਈ ਦੇ ਦਾਇਰੇ ਵਿੱਚ ਆਏ, ਜਿਨ੍ਹਾਂ ਵਿੱਚ 2,959 ਗੈਂਗਸਟਰ ਅਤੇ ਉਨ੍ਹਾਂ ਦੇ ਸਾਥੀ ਅਤੇ 1,01,968 ਲੋੜੀਂਦੇ ਅਪਰਾਧੀ ਸ਼ਾਮਲ ਹਨ।

ਗ੍ਰਿਫ਼ਤਾਰੀਆਂ ਤੋਂ ਇਲਾਵਾ, ਇਸ ਅਭਿਆਨ ਦਾ ਮੁੱਖ ਉਦੇਸ਼ ਸੰਗਠਿਤ ਗਿਰੋਹਾਂ ਦੀ ਹਥਿਆਰਾਂ, ਨਸ਼ੀਲੇ ਪਦਾਰਥਾਂ, ਵਿੱਤੀ ਸਰੋਤਾਂ ਅਤੇ ਲੌਜਿਸਟਿਕ ਢਾਂਚੇ ਤੱਕ ਪਹੁੰਚ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਅਪਰਾਧ ਕਰਨ ਦੀ ਸਮਰੱਥਾ ਨੂੰ ਕਮਜ਼ੋਰ ਕਰਨਾ ਰਿਹਾ।

ਇਸ ਅਭਿਆਨ ਨੇ ਸੰਗਠਿਤ ਅਪਰਾਧੀ ਗਿਰੋਹਾਂ ਦੀ ਮਾਰੂ ਸਮਰੱਥਾ ਨੂੰ ਵੀ ਵੱਡਾ ਝਟਕਾ ਦਿੱਤਾ। ਅਭਿਆਨ ਦੌਰਾਨ ਪੰਜਾਬ ਪੁਲਿਸ ਨੇ 990 ਗੈਰ-ਕਾਨੂੰਨੀ ਹਥਿਆਰ, 242 ਧਾਰਦਾਰ ਹਥਿਆਰ, 2,739 ਕਾਰਤੂਸ, 315 ਮੈਗਜ਼ੀਨਾਂ, 2.5 ਕਿਲੋਗ੍ਰਾਮ ਵਿਸਫੋਟਕ ਅਤੇ 15 ਹੈਂਡ ਗ੍ਰੇਨੇਡ ਬਰਾਮਦ ਕੀਤੇ, ਜਿਸ ਨਾਲ ਅਪਰਾਧੀ ਨੈੱਟਵਰਕਾਂ ਦੀ ਕਾਰਜਸ਼ੀਲ ਸਮਰੱਥਾ ਨੂੰ ਕਾਫ਼ੀ ਹੱਦ ਤੱਕ ਕਮਜ਼ੋਰ ਕੀਤਾ ਗਿਆ।

ਇਸ ਦੇ ਨਾਲ ਹੀ, ਪੰਜਾਬ ਪੁਲਿਸ ਨੇ ਸੰਗਠਿਤ ਅਪਰਾਧ ਅਤੇ ਨਸ਼ਾ ਤਸਕਰੀ ਦੇ ਗੱਠਜੋੜ ਵਿਰੁੱਧ ਆਪਣੀ ਕਾਰਵਾਈ ਹੋਰ ਤੇਜ਼ ਕਰਦਿਆਂ 774.38 ਕਿਲੋਗ੍ਰਾਮ ਹੈਰੋਇਨ, 480.23 ਕਿਲੋਗ੍ਰਾਮ ਅਫ਼ੀਮ, 7,266.26 ਕਿਲੋਗ੍ਰਾਮ ਭੁੱਕੀ ਅਤੇ 26,91,455 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁਲਿਸ ਨੇ 1,73,41,965 ਰੁਪਏ ਦੀ ਡਰੱਗ ਮਨੀ, 1,80,54,446 ਰੁਪਏ ਦੀ ਨਕਦੀ ਅਤੇ 413.85 ਗ੍ਰਾਮ ਸੋਨਾ ਵੀ ਜ਼ਬਤ ਕੀਤਾ, ਜਿਸ ਨਾਲ ਸੰਗਠਿਤ ਅਪਰਾਧ ਅਤੇ ਨਸ਼ਾ ਤਸਕਰੀ ਨੂੰ ਵਿੱਤੀ ਸਹਾਇਤਾ ਦੇਣ ਵਾਲੇ ਸਰੋਤਾਂ ’ਤੇ ਵੱਡੀ ਸੱਟ ਵੱਜੀ।

ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ ਪ੍ਰਮੋਦ ਬਾਨ ਨੇ ਕਿਹਾ ਕਿ ਹੁਣ ਇਸ ਅਭਿਆਨ ਦਾ ਮੁੱਖ ਧਿਆਨ ਸਿਰਫ਼ ਵਿਅਕਤੀਗਤ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਸੰਗਠਿਤ ਅਪਰਾਧ ਦੇ ਪੂਰੇ ਨੈੱਟਵਰਕ ਨੂੰ ਤੋੜਨ ’ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ, “ਅੱਜ ਦਾ ਸੰਗਠਿਤ ਅਪਰਾਧ ਵਿੱਤੀ ਨੈੱਟਵਰਕ, ਡਿਜ਼ੀਟਲ ਸੰਚਾਰ ਅਤੇ ਵਿਦੇਸ਼ਾਂ ਵਿੱਚ ਬੈਠੇ ਸੰਚਾਲਕਾਂ ਰਾਹੀਂ ਚੱਲਦਾ ਹੈ। ਇਸ ਲਈ ਸਾਡੀਆਂ ਜਾਂਚਾਂ ਵਿੱਚ ਫੀਲਡ ਆਪ੍ਰੇਸ਼ਨਾਂ ਦੇ ਨਾਲ-ਨਾਲ ਵਿੱਤੀ ਟਰੈਕਿੰਗ, ਡਿਜ਼ੀਟਲ ਇੰਟੈਲੀਜੈਂਸ ਅਤੇ ਕੇਂਦਰੀ ਏਜੰਸੀਆਂ ਨਾਲ ਨਜ਼ਦੀਕੀ ਤਾਲਮੇਲ ਵੀ ਸ਼ਾਮਲ ਹੈ। ਇਸ ਰਣਨੀਤੀ ਸਦਕਾ ਪੰਜਾਬ ਪੁਲਿਸ ਰੰਗਦਾਰੀ ਗਿਰੋਹਾਂ ਦਾ ਪਰਦਾਫ਼ਾਸ਼ ਕਰਨ, ਵਿਦੇਸ਼ਾਂ ਵਿੱਚ ਬੈਠੇ ਸੰਚਾਲਕਾਂ ਦੀ ਪਛਾਣ ਕਰਨ ਅਤੇ ਲੋੜੀਂਦੇ ਅਪਰਾਧੀਆਂ ਨੂੰ ਭਾਰਤ ਵਾਪਸ ਲਿਆਉਣ ਦੀ ਕਾਰਵਾਈ ਨੂੰ ਅੱਗੇ ਵਧਾਉਣ ਵਿੱਚ ਸਫ਼ਲ ਰਹੀ ਹੈ। ਇਸ ਦੇ ਨਾਲ ਹੀ, ਇਸ ਅਭਿਆਨ ਨੇ ਨੌਜਵਾਨਾਂ ਨੂੰ ਇਹ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਗੈਂਗਸਟਰ ਸੱਭਿਆਚਾਰ ਦਾ ਆਕਰਸ਼ਣ ਸਿਰਫ਼ ਇੱਕ ਭਰਮ ਹੈ, ਜਿਸ ਦਾ ਅੰਤ ਅਪਰਾਧ ਅਤੇ ਬਰਬਾਦੀ ਵਿੱਚ ਹੀ ਹੁੰਦਾ ਹੈ।”

ਇਸ ਅਭਿਆਨ ਨੂੰ ਗੁਆਂਢੀ ਰਾਜਾਂ ਅਤੇ ਕੇਂਦਰੀ ਜਾਂਚ ਤੇ ਖ਼ੁਫ਼ੀਆ ਏਜੰਸੀਆਂ ਨਾਲ ਨਿਯਮਤ ਤਾਲਮੇਲ ਦਾ ਵੀ ਪੂਰਾ ਸਹਿਯੋਗ ਮਿਲਿਆ, ਜਿਸ ਨਾਲ ਸੂਚਨਾਵਾਂ ਦੇ ਤੁਰੰਤ ਆਦਾਨ-ਪ੍ਰਦਾਨ ਅਤੇ ਸੰਗਠਿਤ ਅਪਰਾਧ ਵਿਰੁੱਧ ਸਾਂਝੇ ਆਪ੍ਰੇਸ਼ਨਾਂ ਨੂੰ ਹੋਰ ਮਜ਼ਬੂਤੀ ਮਿਲੀ।

ਅਭਿਆਨ ਦੀਆਂ ਸਭ ਤੋਂ ਮਹੱਤਵਪੂਰਨ ਪ੍ਰਾਪਤੀਆਂ ਵਿੱਚੋਂ ਇੱਕ ਫ਼ਰਾਰ ਗੈਂਗਸਟਰ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਚੋਪੜਾ, ਪੁੱਤਰ ਹੀਰਾ ਲਾਲ, ਵਾਸੀ ਮਕਾਨ ਨੰਬਰ 15, ਅੰਦਰੂਨੀ ਦਿੱਲੀ ਗੇਟ, ਫ਼ਿਰੋਜ਼ਪੁਰ, ਨੂੰ ਮੱਧ ਏਸ਼ੀਆ ਤੋਂ ਅਤੇ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਜੋਬਨ ਬਿੱਲਾ ਨੂੰ ਜਕਾਰਤਾ (ਇੰਡੋਨੇਸ਼ੀਆ) ਤੋਂ ਸਫ਼ਲਤਾਪੂਰਵਕ ਭਾਰਤ ਵਾਪਸ ਲਿਆਉਣਾ ਰਿਹਾ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਓਐੱਫਟੀਈਸੀ ਪੰਜਾਬ ਅਤੇ ਕੇਂਦਰੀ ਏਜੰਸੀਆਂ ਦੇ ਨਜ਼ਦੀਕੀ ਤਾਲਮੇਲ ਨਾਲ ਇਸ ਕਾਰਵਾਈ ਨੂੰ ਸਫ਼ਲਤਾਪੂਰਵਕ ਅੰਜਾਮ ਦਿੱਤਾ। ਇਸ ਕਾਰਵਾਈ ਨੇ ਇਹ ਸਾਬਤ ਕੀਤਾ ਕਿ ਪੰਜਾਬ ਪੁਲਿਸ ਹੁਣ ਰਾਸ਼ਟਰੀ ਸਰਹੱਦਾਂ ਤੋਂ ਪਰ੍ਹੇ ਵੀ ਲੋੜੀਂਦੇ ਅਪਰਾਧੀਆਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਦੀ ਸਮਰੱਥਾ ਰੱਖਦੀ ਹੈ।

ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਕਾਰਵਾਈ ਤੋਂ ਇਲਾਵਾ, ਇਸ ਅਭਿਆਨ ਦੌਰਾਨ 64,402.77 ਲੀਟਰ ਨਾਜਾਇਜ਼ ਸ਼ਰਾਬ, 34,840 ਬੋਤਲਾਂ ਅਤੇ 926 ਪੇਟੀਆਂ ਬਰਾਮਦ ਕਰਕੇ ਨਸ਼ਟ ਕੀਤੀਆਂ ਗਈਆਂ। ਇਸ ਤੋਂ ਇਲਾਵਾ, ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਜਾ ਰਹੇ 4,978 ਮੋਬਾਈਲ ਫ਼ੋਨ ਜ਼ਬਤ ਕੀਤੇ ਗਏ ਅਤੇ 1,781 ਵਾਹਨ ਅਤੇ 61 ਡਰੋਨ ਵੀ ਕਬਜ਼ੇ ਵਿੱਚ ਲਏ ਗਏ। ਇਨ੍ਹਾਂ ਕਾਰਵਾਈਆਂ ਨੇ ਅਪਰਾਧਿਕ ਢਾਂਚੇ ਨੂੰ ਕਮਜ਼ੋਰ ਕਰਨ, ਸੰਗਠਿਤ ਅਪਰਾਧੀ ਨੈੱਟਵਰਕਾਂ ਨੂੰ ਤੋੜਨ ਅਤੇ ਪੂਰੇ ਪੰਜਾਬ ਵਿੱਚ ਲੋਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ 93946-93946 ਨੰਬਰ ’ਤੇ ਇੱਕ ਸਮਰਪਿਤ ਟਿਪਲਾਈਨ ਵੀ ਸ਼ੁਰੂ ਕੀਤੀ ਹੈ, ਜਿਸ ਰਾਹੀਂ ਨਾਗਰਿਕ ਲੋੜੀਂਦੇ ਅਪਰਾਧੀਆਂ, ਗੈਂਗਸਟਰਾਂ ਅਤੇ ਉਨ੍ਹਾਂ ਨਾਲ ਸਬੰਧਤ ਅਪਰਾਧਿਕ ਗਤੀਵਿਧੀਆਂ ਬਾਰੇ ਗੁਮਨਾਮ ਤੌਰ ’ਤੇ ਜਾਣਕਾਰੀ ਸਾਂਝੀ ਕਰ ਸਕਦੇ ਹਨ। ਇਸ ਪਹਿਲ ਤਹਿਤ ਲੋਕ ਆਪਣੀ ਪਛਾਣ ਸਾਹਮਣੇ ਆਉਣ ਦੇ ਡਰ ਤੋਂ ਬਿਨਾਂ ਗੁਪਤ ਤੌਰ ’ਤੇ ਅਹਿਮ ਜਾਣਕਾਰੀ ਦੇ ਸਕਦੇ ਹਨ, ਜਿਸ ਨਾਲ ਏਜੀਟੀਐਫ ਨੂੰ ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਦਾ ਛੇਤੀ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਮਦਦ ਮਿਲੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਖੇਤੀ ਕਾਨੂੰਨਾਂ ਦਾ ਸਮਰਥਨ ਕਰਨ ਤੋਂ ਬਾਅਦ ਹੁਣ ਸੁਖਬੀਰ ਬਾਦਲ ਭਾਜਪਾ ਦੇ ਬਿਲਾਂ ਨਾਲ ਸਹਿਮਤੀ ਪ੍ਰਗਟਾ ਰਹੇ ਹਨ: ਬਲਤੇਜ ਪੰਨੂ

ਚੰਡੀਗੜ੍ਹ 8 ਅਗਸਤ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼ਨੀਵਾਰ...

ਨਾ ਕੈਸ਼, ਨਾ ਫਰਮਾਇਸ਼: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 866 ਨੌਜਵਾਨਾਂ ਨੂੰ ਸੌਂਪੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ

ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ); 8 ਅਗਸਤ 2026:ਆਮ ਆਦਮੀ ਪਾਰਟੀ (ਆਪ) ਦੀ ਸਰਕਾਰ, ਪੰਜਾਬ...

ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਦੀ ਦਮਦਾਰ ਅਦਾਕਾਰੀ ਨੇ ‘ਹਮਾਰੇ ਰਾਮ’ ਨਾਟਕ ਨੂੰ ਹੋਰ ਵੀ ਸ਼ਾਨਦਾਰ ਬਣਾਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 8 ਅਗਸਤ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ...

ਜਗਤਾਰ ਸਿੰਘ ਹਵਾਰਾ ਦੀ ਪੈਰੋਲ ਨੂੰ ਲੈ ਕੇ CM ਮਾਨ ਨੇ ਗਵਰਨਰ ਕਟਾਰੀਆ ਨੂੰ ਲਿਖਿਆ ਪੱਤਰ

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖਿਆ, ਜਿਸ ਵਿਚ...

ਹਲਵਾਰਾ ਤੋਂ ਦਿੱਲੀ ਦੀ ਉਡਾਣ ਵਿੱਚ ਤਕਨੀਕੀ ਖਰਾਬੀ; 27 ਵੱਲੋਂ ਯਾਤਰਾ ਰੱਦ

ਕੁਝ ਤਕਨੀਕੀ ਸਮੱਸਿਆ ਕਾਰਨ ਬੀਤੇ ਦਿਨ ਦੁਪਹਿਰ ਦੀ ਉਡਾਣ ਦੌਰਾਨ ਹਲਵਾਰਾ ਹਵਾਈ ਅੱਡੇ ਤੋਂ...

ਡੀਏ ਦੀ ਮੰਗ ਨੂੰ ਲੈ ਕੇ CM Bhagwant Mann ਨਾਲ ਮੀਟਿੰਗ 27 ਅਗਸਤ ਨੂੰ ਤੈਅ

ਮਹਿੰਗਾਈ ਭੱਤਾ (ਡੀਏ) ਦਾ ਬਕਾਇਆ ਜਾਰੀ ਕਰਨ ਦੀ ਮੰਗ ਕਰ ਰਹੇ ਪੰਜਾਬ ਦੇ ਸਰਕਾਰੀ...

 ਸਟੋਰ ਵਿੱਚ ਲੁੱਟ ਦੌਰਾਨ ਪੰਜਾਬੀ ਕਾਰੋਬਾਰੀ ਦੀ ਹੱਤਿਆ

 ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਵਾਪਰੀ ਇੱਕ ਘਟਨਾ ਵਿੱਚ ਆਪਣੇ ਕਾਰੋਬਾਰ ਨੂੰ ਲੁੱਟ ਤੋਂ...

ਰੀਲ ਬਣਾਉਣ ਦੀ ਆਦਤ ਬਣੀ ਕਲੇਸ਼ ਦੀ ਵਜ੍ਹਾ, ਪਤੀ ਨੇ ਚੁੰਨੀ ਨਾਲ ਗਲਾ ਘੁੱਟ ਕੇ ਪਤਨੀ ਨੂੰ ਮਾਰਿਆ

ਕਰਨਾਟਕ ਦੇ ਬੈਂਗਲੁਰੂ ਤੋਂ ਪਤੀ-ਪਤਨੀ ਦੇ ਰਿਸ਼ਤੇ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ...

ਕੁੱਟਮਾਰ ਤੋਂ ਬਾਅਦ ਗੁਰਸਿਮਰਨ ਮੰਡ ਦਾ ਵੱਡਾ ਬਿਆਨ, ‘ਦੰਦ ਤੋੜ ਦਿੱਤੇ, ਪਰ ਮੈਂ ਡਰਨ ਵਾਲਾ ਨਹੀਂ’

ਅੰਬਾਲਾ ਨੇੜੇ ਪੰਜੋਖਰਾ ਸਾਹਿਬ ਵਿਖੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨਾਲ ਹੋਈ ਕੁੱਟਮਾਰ ਤੋਂ...