ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ ‘ਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ‘ਚ ਠੰਡ ਵਧ ਗਈ ਹੈ। ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਇੱਥੇ ਵੀ ਹੁਣ ਠੰਢ ਨੇ ਦਸਤਕ ਦੇ ਦਿੱਤੀ ਹੈ। ਵੀਰਵਾਰ ਨੂੰ ਲੁਧਿਆਣਾ ‘ਚ ਮੌਸਮ ਦਾ ਮਿਜਾਜ਼ ਬਦਲਦਾ ਨਜ਼ਰ ਆਇਆ। ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਸਨ, ਜਿਸ ਕਾਰਨ ਠੰਢ ਵਧ ਗਈ ਸੀ। ਭਾਵੇਂ ਪਿਛਲੇ ਕੁਝ ਦਿਨਾਂ ਤੋਂ ਸਵੇਰੇ-ਸ਼ਾਮ ਠੰਢ ਮਹਿਸੂਸ ਕੀਤੀ ਜਾ ਰਹੀ ਸੀ ਪਰ ਵੀਰਵਾਰ ਨੂੰ ਠੰਢ ਨੇ ਦਸਤਕ ਦਿੱਤੀ। ਸਵੇਰੇ ਘੱਟੋ-ਘੱਟ ਤਾਪਮਾਨ 14.9 ਡਿਗਰੀ ਸੈਲਸੀਅਸ ਰਿਹਾ। ਦੂਜੇ ਪਾਸੇ ਸਵੇਰੇ 10 ਵਜੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 285 ‘ਤੇ ਸੀ।
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਦਿਨ ਭਰ ਆਸਮਾਨ ‘ਚ ਹਲਕੀ ਬੱਦਲਵਾਈ ਰਹਿ ਸਕਦੀ ਹੈ। ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। ਪਿਛਲੇ ਕੁਝ ਦਿਨਾਂ ਤੋਂ ਧੂੰਏਂ ਦਾ ਪੱਧਰ ਵਧਣ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਹ ਲੈਣ ਵਿੱਚ ਤਕਲੀਫ਼, ਅੱਖਾਂ ਵਿੱਚ ਜਲਣ ਦੇ ਮਾਮਲੇ ਵੀ ਵੱਧ ਰਹੇ ਹਨ। ਦੂਜੇ ਪਾਸੇ ਜੇਕਰ ਭਾਰੀ ਮੀਂਹ ਪੈਂਦਾ ਹੈ ਤਾਂ ਧੂੰਏਂ ਤੋਂ ਰਾਹਤ ਮਿਲ ਸਕਦੀ ਹੈ।












