ਮੋਹਾਲੀ ਦੀ ਇੱਕ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ 2015 ਵਿੱਚ ਦਰਜ ਲੁੱਟ ਦੀ ਸਾਜ਼ਿਸ਼ ਅਤੇ ਹੋਰ ਅਪਰਾਧਿਕ ਮਾਮਲਿਆਂ ਦੇ ਮੁਲਜ਼ਮ ਕਾਲੀ ਸ਼ੂਟਰ ਅਤੇ ਪੰਜ ਹੋਰ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ। ਇਸ ਬਹੁਤ ਚਰਚਿਤ ਮਾਮਲੇ ਵਿੱਚ ਰਵਿੰਦਰ ਸਿੰਘ ਉਰਫ਼ ਕਾਲੀ ਸ਼ੂਟਰ, ਹਰਜੀਵਨਜੋਤ ਸਿੰਘ, ਇੰਦਰਪ੍ਰੀਤ ਸਿੰਘ, ਅਮਨਦੀਪ ਸਿੰਘ, ਚਰਨਜੀਤ ਸਿੰਘ, ਜੁਗਰਾਜ ਸਿੰਘ ਖ਼ਿਲਾਫ਼ ਗੰਭੀਰ ਦੋਸ਼ ਲਾਏ ਗਏ ਹਨ।
ਜਾਣਕਾਰੀ ਮੁਤਾਬਕ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਦੋਸ਼ੀ ਚਿੱਟੇ ਰੰਗ ਦੀ ਸਵਿਫਟ ਕਾਰ ‘ਚ ਪਲਕੀ ਪੈਲੇਸ ‘ਚ ਲੁੱਟ ਦੀ ਯੋਜਨਾ ਬਣਾ ਰਹੇ ਹਨ। ਸੀ.ਆਈ.ਏ ਸਟਾਫ਼ ਖਰੜ ਨੂੰ ਮੁਖ਼ਬਰ ਤੋਂ ਸੂਚਨਾ ਮਿਲੀ ਸੀ ਕਿ ਮੁਲਜ਼ਮਾਂ ਨੇ ਆਪਣੀ ਕਾਰ ਦੀ ਨੰਬਰ ਪਲੇਟ ਮਿੱਟੀ ਨਾਲ ਢੱਕੀ ਹੋਈ ਹੈ ਅਤੇ ਉਨ੍ਹਾਂ ਕੋਲ ਭਾਰੀ ਮਾਤਰਾ ਵਿੱਚ ਨਜਾਇਜ਼ ਹਥਿਆਰ ਅਤੇ ਅਸਲਾ ਵੀ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਤਿੰਨ ਟੀਮਾਂ ਬਣਾ ਕੇ ਛਾਪੇਮਾਰੀ ਦੀ ਯੋਜਨਾ ਬਣਾਈ।
ਦੱਸ ਦਈਏ ਛਾਪੇਮਾਰੀ ਦੌਰਾਨ ਅਮਨਦੀਪ ਸਿੰਘ, ਚਰਨਜੀਤ ਸਿੰਘ ਅਤੇ ਜੁਗਰਾਜ ਸਿੰਘ ਨੂੰ ਪੁਲੀਸ ਨੇ ਮੌਕੇ ’ਤੇ ਹੀ ਕਾਬੂ ਕਰ ਲਿਆ, ਜਦੋਂ ਕਿ ਕਾਲੀ ਸ਼ੂਟਰ ਅਤੇ ਇੰਦਰਪ੍ਰੀਤ ਸਿੰਘ ਫਰਾਰ ਹੋ ਗਏ। ਪੁਲੀਸ ਨੇ ਮੁਲਜ਼ਮਾਂ ਕੋਲੋਂ ਕਈ ਤਰ੍ਹਾਂ ਦੇ ਨਾਜਾਇਜ਼ ਹਥਿਆਰ ਤੇ ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲੀਸ ਨੇ ਇਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਖ਼ਿਲਾਫ਼ ਅਦਾਲਤ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਹਾਲਾਂਕਿ ਅਦਾਲਤ ਵਿੱਚ ਕਾਲੀ ਸ਼ੂਟਰ ਦੇ ਵਕੀਲ ਕਰਨ ਸੌਫਤ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪੁਲਿਸ ਵੱਲੋਂ ਪੇਸ਼ ਕੀਤੇ ਗਏ ਸਬੂਤ ਨਾਕਾਫ਼ੀ ਅਤੇ ਵਿਰੋਧੀ ਸਨ। ਵਕੀਲ ਨੇ ਦਲੀਲ ਦਿੱਤੀ ਕਿ ਪੁਲਿਸ ਦੀ ਕਹਾਣੀ ਦੇ ਅਨੁਸਾਰ, ਮੁਖਬਰ ਨੇ ਇੰਸਪੈਕਟਰ ਨੂੰ ਦੱਸਿਆ ਸੀ ਕਿ ਉਸਨੇ ਮੁਲਜ਼ਮਾਂ ਦੀ ਗੱਲਬਾਤ ਸੁਣ ਲਈ ਹੈ, ਜਿਸ ਵਿੱਚ ਉਹ ਡਕੈਤੀ ਦੀ ਯੋਜਨਾ ਬਣਾ ਰਹੇ ਸਨ। ਪਰ ਇਹ ਦਾਅਵਾ ਅਦਾਲਤ ਵਿੱਚ ਕਾਇਮ ਨਹੀਂ ਰਿਹਾ, ਕਿਉਂਕਿ ਇਹ ਅਵਿਸ਼ਵਾਸ਼ਯੋਗ ਮੰਨਿਆ ਜਾਂਦਾ ਸੀ ਕਿ ਕੋਈ ਵੀ ਲੁੱਟ ਵਰਗੀ ਗੰਭੀਰ ਯੋਜਨਾ ਬਾਰੇ ਖੁੱਲ੍ਹ ਕੇ ਚਰਚਾ ਕਰੇਗਾ।
ਇਸਤੋਂ ਇਲਾਵਾ ਅਦਾਲਤ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਪੁਲੀਸ ਪਾਰਟੀ ਨੇ ਮੁਲਜ਼ਮਾਂ ਦਾ ਪਿੱਛਾ ਕਰਨ ਵਿੱਚ ਮੁਸਤੈਦੀ ਨਹੀਂ ਦਿਖਾਈ, ਜਿਸ ਕਾਰਨ ਕੇਸ ਹੋਰ ਵੀ ਸ਼ੱਕੀ ਬਣ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਹਥਿਆਰ ਬਰਾਮਦ ਹੋਣ ਦਾ ਦਾਅਵਾ ਵੀ ਕੀਤਾ ਸੀ ਪਰ ਪੁਲੀਸ ਪਾਰਟੀ ਮੁਲਜ਼ਮਾਂ ਤੋਂ 15-20 ਫੁੱਟ ਦੀ ਦੂਰੀ ’ਤੇ ਹੋਣ ਦੇ ਬਾਵਜੂਦ ਉਨ੍ਹਾਂ ’ਤੇ ਕੋਈ ਗੋਲੀ ਨਹੀਂ ਚਲਾਈ ਗਈ ਤੇ ਉਹ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ।
ਅਦਾਲਤ ਨੇ ਇਨ੍ਹਾਂ ਸਾਰੇ ਤੱਥਾਂ ਅਤੇ ਦਲੀਲਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਿੱਟਾ ਕੱਢਿਆ ਕਿ ਇਸਤਗਾਸਾ ਪੱਖ ਮੁਲਜ਼ਮਾਂ ਖ਼ਿਲਾਫ਼ ਕੇਸ ਸਾਬਤ ਕਰਨ ਵਿੱਚ ਨਾਕਾਮ ਰਿਹਾ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਪੁਲੀਸ ਵੱਲੋਂ ਪੇਸ਼ ਕੀਤੇ ਸਬੂਤ ਕੇਸ ਨੂੰ ਸਾਬਤ ਕਰਨ ਲਈ ਕਾਫੀ ਨਹੀਂ ਹਨ। ਨਤੀਜੇ ਵਜੋਂ ਕਾਲੀ ਸ਼ੂਟਰ ਅਤੇ ਪੰਜ ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ।