ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਨੇੜੇ ਗੁਰਦੁਆਰਾ ਨਾਨਕਸਰ ਦੇ ਬਾਹਰ ਇੱਕ ਆਟੋ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਇੱਕ ਰਾਹਗੀਰ ਨੇ ਆਟੋ ਵਿੱਚ ਲਾਸ਼ ਪਈ ਵੇਖ ਕੇ ਰੌਲਾ ਪਾਇਆ। ਇਸ ‘ਤੇ ਲੋਕਾਂ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਮੌਕੇ ’ਤੇ ਪੁੱਜੀ। ਏ.ਸੀ.ਪੀ ਗੁਰਪ੍ਰੀਤ ਸਿੰਘ ਵੀ ਜਾਂਚ ਲਈ ਪੁੱਜੇ। ਮ੍ਰਿਤਕ ਦੇ ਗਲੇ ‘ਤੇ ਨਿਸ਼ਾਨ ਪਾਏ ਗਏ ਹਨ।
ਦੱਸ ਦਈਏ ਕਿ ਮ੍ਰਿਤਕਾ ਦਾ ਨਾਂ ਗੌਰੀ ਹੈ। ਉਹ ਸਰਾਭਾ ਨਗਰ ਇਲਾਕੇ ਦਾ ਰਹਿਣ ਵਾਲਾ ਹੈ। ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਦੇ ਵਾਰਸਾਂ ਦੀ ਭਾਲ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਕਈ ਥਾਵਾਂ ’ਤੇ ਪੁਲੀਸ ਉਸ ਦੀ ਫੋਟੋ ਲੋਕਾਂ ਨੂੰ ਦਿਖਾ ਕੇ ਪਛਾਣ ਕਰਵਾ ਰਹੀ ਹੈ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਆਦਿ ਦੀ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਆਟੋ ਵਿੱਚ ਮਰਨ ਵਾਲੇ ਵਿਅਕਤੀ ਨਾਲ ਹੋਰ ਕੌਣ-ਕੌਣ ਸਨ?
ਏ.ਸੀ.ਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲਾਸ਼ ਅਤੇ ਆਟੋ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਲਾਸ਼ ਦੀ ਸ਼ਨਾਖਤ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ। ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ਕਿ ਮ੍ਰਿਤਕ ਨੇ ਖੁਦਕੁਸ਼ੀ ਕੀਤੀ ਹੈ ਜਾਂ ਕਿਸੇ ਨੇ ਉਸ ਦਾ ਕਤਲ ਕੀਤਾ ਹੈ।