ਫਰੀਦਕੋਟ ਦੇ 20 ਲੱਖ ਦੇ ਰਿਸ਼ਵਤ ਕਾਂਡ ਵਿੱਚ ਨਵਾਂ ਮੋੜ ਆਇਆ ਹੈ। ਇਹ ਰਿਸ਼ਵਤ ਫਰੀਦਕੋਟ ਦੇ ਆਈ.ਜੀ ਪ੍ਰਦੀਪ ਕੁਮਾਰ ਯਾਦਵ ਦੇ ਨਾਂ ’ਤੇ ਹੀ ਨਹੀਂ, ਸਗੋਂ ਉਸ ਦੀ ਸਹਿਮਤੀ ਅਤੇ ਮਿਲੀਭੁਗਤ ਨਾਲ ਵਸੂਲੀ ਗਈ ਸੀ।ਮਾਮਲਾ ਇੱਥੇ ਹੀ ਖਤਮ ਨਹੀਂ ਹੋਇਆ, ਜਦੋਂ ਡੀ.ਆਈ.ਜੀ ਫਿਰੋਜ਼ਪੁਰ ਦੀ ਜਾਂਚ ਰਿਪੋਰਟ ਤੋਂ ਬਾਅਦ ਫਰੀਦਕੋਟ ਦੇ ਤਤਕਾਲੀ ਐਸ.ਪੀ, ਡੀ.ਐਸ.ਪੀ ਅਤੇ ਐਸ.ਆਈ ਸਣੇ ਦੋ ਪ੍ਰਾਈਵੇਟ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਤਾਂ ਸ਼ਿਕਾਇਤਕਰਤਾ ਨੂੰ 20 ਦੀ ਬਜਾਏ 40 ਲੱਖ ਵਾਪਸ ਦੇ ਕੇ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਦੱਸ ਦਈਏ ਕਿ ਰਿਸ਼ਵਤ ਕਾਂਡ ਵਿੱਚ ਨਾਮਜ਼ਦ ਗਊਸ਼ਾਲਾ ਬੀੜ ਸਿੱਖਾਂਵਾਲਾ ਦੇ ਮੁਖੀ ਮਹੰਤ ਮਲਕੀਤ ਦਾਸ ਨੇ ਬੀਤੇ ਸੋਮਵਾਰ ਨੂੰ ਸੀਜੇਐਮ ਅਦਾਲਤ ਵਿੱਚ ਦਰਜ ਕਰਵਾਏ ਬਿਆਨ ਵਿੱਚ ਇਹ ਸਾਰੇ ਖ਼ੁਲਾਸੇ ਕੀਤੇ।ਸਾਢੇ ਤਿੰਨ ਸਾਲ ਪੁਰਾਣੇ ਬਾਬਾ ਦਿਆਲ ਦਾਸ ਕਤਲ ਕਾਂਡ ਦੇ ਮੁੱਖ ਮੁਲਜ਼ਮ ਪਿੰਡ ਕਪੂਰੇ (ਮੋਗਾ) ਦੇ ਜਰਨੈਲ ਦਾਸ ਨੂੰ ਮੁੜ ਨਾਮਜ਼ਦ ਕਰਨ ਲਈ ਇਸ ਮਾਮਲੇ ਦੀ ਜਾਂਚ ਕਰ ਰਹੇ ਫਰੀਦਕੋਟ ਦੇ ਐਸ.ਪੀ ਗਗਨੇਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਇੱਥੋਂ ਦੇ ਪਿੰਡ ਕੋਟਸੁਖੀਆ ਵਿੱਚ ਐਸ.ਆਈ.ਟੀ ਨੇ ਸ਼ਿਕਾਇਤਕਰਤਾ ਬਾਬਾ ਗਗਨ ਦਾਸ ਤੋਂ ਤਤਕਾਲੀ ਆਈ.ਜੀ ਫਰੀਦਕੋਟ ਪ੍ਰਦੀਪ ਕੁਮਾਰ ਯਾਦਵ ਦੇ ਨਾਮ ’ਤੇ 50 ਲੱਖ ਦੀ ਰਿਸ਼ਵਤ ਮੰਗੀ ਅਤੇ 35 ਲੱਖ ਵਿੱਚ ਸੌਦਾ ਕਰਕੇ 20 ਲੱਖ ਦੀ ਵਸੂਲੀ ਕੀਤੀ।
ਰਿਸ਼ਵਤ ਦੇਣ ਦੇ ਬਾਵਜੂਦ ਜਦੋਂ ਕੋਈ ਕਾਰਵਾਈ ਨਾ ਹੋਈ ਤਾਂ ਸ਼ਿਕਾਇਤਕਰਤਾ ਨੇ ਪੈਸੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਪੈਸੇ ਵਾਪਸ ਨਾ ਹੋਣ ‘ਤੇ ਗਗਨ ਦਾਸ ਨੇ ਡੀ.ਜੀ.ਪੀ ਪੰਜਾਬ ਨੂੰ ਸ਼ਿਕਾਇਤ ਕੀਤੀ। ਸ਼ਿਕਾਇਤ ’ਤੇ ਜਾਂਚ ਮਗਰੋਂ ਆਈ.ਜੀ ਦਫ਼ਤਰ ਵਿੱਚ ਤਾਇਨਾਤ ਐਸ.ਪੀ ਗਗਨੇਸ਼ ਕੁਮਾਰ, ਡੀ.ਐਸ.ਪੀ ਸੁਸ਼ੀਲ ਕੁਮਾਰ ਅਤੇ ਐਸ.ਆਈ ਖੇਮਚੰਦ ਪਰਾਸ਼ਰ ਤੋਂ ਇਲਾਵਾ ਦੋ ਨਿੱਜੀ ਵਿਅਕਤੀਆਂ ਮਹੰਤ ਮਲਕੀਤ ਦਾਸ ਅਤੇ ਜਸਵਿੰਦਰ ਸਿੰਘ ਜੱਸੀ ਠੇਕੇਦਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਅਤੇ ਜਾਂਚ ਵਿਜੀਲੈਂਸ ਕੋਲ ਪੁੱਜੀ।
ਕੇਸ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਮਹੰਤ ਮਲਕੀਤ ਦਾਸ ਨੇ ਜ਼ਿਲ੍ਹਾ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਕੇਸ ਵਿੱਚ ਗਵਾਹ ਬਣਨ ਦੀ ਇੱਛਾ ਪ੍ਰਗਟਾਈ ਸੀ ਅਤੇ ਅਦਾਲਤ ਵਿੱਚ ਆਤਮ ਸਮਰਪਣ ਕਰਨ ਤੋਂ ਬਾਅਦ ਉਸ ਦੀ ਪਟੀਸ਼ਨ ’ਤੇ ਜ਼ਿਲ੍ਹਾ ਅਦਾਲਤ ਨੇ ਉਸ ਨੂੰ ਆਪਣਾ ਬਿਆਨ ਦਰਜ ਕਰਵਾਉਣ ਦੀ ਇਜਾਜ਼ਤ ਦਿੱਤੀ ਸੀ। ਬਿਆਨ ਵਿੱਚ ਮਲਕੀਤ ਦਾਸ ਨੇ ਸਪੱਸ਼ਟ ਤੌਰ ’ਤੇ ਦਾਅਵਾ ਕੀਤਾ ਹੈ ਕਿ 20 ਲੱਖ ਰੁਪਏ ਦੀ ਰਿਸ਼ਵਤ ਦਾ ਲੈਣ-ਦੇਣ ਉਸ ਦੀ ਗਊਸ਼ਾਲਾ ਵਿੱਚ ਹੋਇਆ ਸੀ ਅਤੇ ਪੁਲਿਸ ਅਧਿਕਾਰੀਆਂ ਨੇ ਪੈਸੇ ਵਸੂਲਣ ਤੋਂ ਪਹਿਲਾਂ ਆਈ.ਜੀ ਨਾਲ ਫੋਨ ’ਤੇ ਗੱਲ ਵੀ ਕਰਵਾਈ ਸੀ। ਸੌਦਾ 35 ਲੱਖ ਰੁਪਏ ਵਿੱਚ ਤੈਅ ਹੋਣ ਤੋਂ ਬਾਅਦ 20 ਲੱਖ ਰੁਪਏ ਲੈਣ ਤੋਂ ਬਾਅਦ 15 ਲੱਖ ਰੁਪਏ ਵਾਅਦ ਵਿੱਚ ਦੇਣ ਲਈ ਕਿਹਾ ਸੀ।
ਇਸਤੋਂ ਇਲਾਵਾ ਮਲਕੀਤ ਦਾਸ ਨੇ ਆਪਣੇ ਬਿਆਨ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਕੇਸ ਦਰਜ ਹੋਣ ਤੋਂ ਬਾਅਦ ਸਾਰੇ ਅਧਿਕਾਰੀਆਂ ਨੇ ਮਿਲ ਕੇ ਚਾਲੀ ਲੱਖ ਰੁਪਏ ਵਿੱਚ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ।
ਰਿਸ਼ਵਤ ਦੇ ਮਾਮਲੇ ਵਿੱਚ ਵਿਜੀਲੈਂਸ ਕੋਲ ਰਿਮਾਂਡ ’ਤੇ ਆਈ.ਜੀ ਦਫ਼ਤਰ ਵਿੱਚ ਤਾਇਨਾਤ ਸਬ-ਇੰਸਪੈਕਟਰ ਖੇਮਚੰਦ ਪਰਾਸ਼ਰ ਨੂੰ ਸੀਜੇਐਮ ਦੀ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਵਿਜੀਲੈਂਸ ਨੇ ਦੋਸ਼ੀ ਨੂੰ 2 ਵਾਰ ਅਦਾਲਤ ‘ਚ ਪੇਸ਼ ਕਰਕੇ ਕ੍ਰਮਵਾਰ 1 ਦਿਨ ਅਤੇ 2 ਦਿਨ ਦੇ ਰਿਮਾਂਡ ‘ਤੇ ਲਿਆ ਅਤੇ ਸੋਮਵਾਰ ਨੂੰ ਰਿਮਾਂਡ ਖਤਮ ਹੋਣ ‘ਤੇ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ।