ਗੁਰਦਾਸਪੁਰ ਤੋਂ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਰਕਾਰੀ ਹਸਪਤਾਲ ਚ ਜਨ ਔਸ਼ਧੀ ਕੇਂਦਰ ਦੇ ਬਾਹਰ ਗਰਭਵਤੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ। ਔਰਤ ਦੇ ਪਤੀ ਨੇ ਬੱਚੇ ਦੀ ਦੇਖਭਾਲ ਕੀਤੀ ਅਤੇ ਔਰਤ ਦੀ ਮਦਦ ਨਾਲ ਨਵਜੰਮੇ ਬੱਚੇ ਨੂੰ ਨਰਸਿੰਗ ਸਟਾਫ ਕੋਲ ਲੈ ਗਿਆ। ਔਰਤ ਦੀ ਜਣੇਪੇ ਦੀ ਇਹ ਘਟਨਾ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਫਿਲਹਾਲ ਡਾਕਟਰਾਂ ਨੇ ਬੱਚੇ ਅਤੇ ਮਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਮਾਂ ਅਤੇ ਬੱਚਾ ਦੋਵੇਂ ਠੀਕ ਹਨ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ।
ਸਿਵਲ ਹਸਪਤਾਲ ‘ਚ ਭਰਤੀ ਲਕਸ਼ਮੀ ਦੇ ਪਤੀ ਸ਼ੁਭਮ ਨੇ ਦੱਸਿਆ ਕਿ ਉਹ ਫਲਾਂ ਦੀ ਰੇਹੜੀ ਚਲਾਉਂਦਾ ਹੈ। ਇਹ ਸਾਡਾ ਦੂਜਾ ਬੱਚਾ ਹੈ, ਜਦੋਂ ਕਿ ਪਹਿਲਾ ਤਿੰਨ ਸਾਲ ਦਾ ਪੁੱਤਰ ਹੈ। ਉਸ ਨੇ ਦੱਸਿਆ ਕਿ ਡਾਕਟਰਾਂ ਨੇ ਸਾਨੂੰ 25 ਸਤੰਬਰ ਦਾ ਸਮਾਂ ਦਿੱਤਾ ਸੀ ਪਰ ਅੱਜ ਹੀ ਉਸ ਦੀ ਪਤਨੀ ਅਚਾਨਕ ਬਿਮਾਰ ਹੋ ਗਈ।
ਇਸਤੋਂ ਬਾਅਦ ਉਹ ਸਿਵਲ ਹਸਪਤਾਲ ਪਹੁੰਚ ਗਏ ਪਰ ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਪਤਨੀ ਦੀ ਹਾਲਤ ਵਿਗੜ ਗਈ। ਜਿਸ ਕਰਕੇ ਉਸਨੇ ਜਨ ਔਸ਼ਧੀ ਤੋਂ ਬਾਹਰ ਇੱਕ ਬੱਚੇ ਨੂੰ ਜਨਮ ਦਿੱਤਾ। ਕਿਸੇ ਤਰ੍ਹਾਂ ਮੈਂ ਅਤੇ ਜਨ ਔਸ਼ਧੀ ਵਿੱਚ ਕੰਮ ਕਰਨ ਵਾਲੀ ਔਰਤ ਜੋਗਿੰਦਰ ਕੌਰ ਬੱਚੇ ਅਤੇ ਲਕਸ਼ਮੀ ਨੂੰ ਸੰਭਾਲ ਕੇ ਲੇਬਰ ਰੂਮ ਵਿੱਚ ਲੈ ਗਏ। ਜਿੱਥੇ ਮੌਜੂਦ ਸਟਾਫ਼ ਨੇ ਬੱਚੇ ਅਤੇ ਉਸਦੀ ਪਤਨੀ ਦਾ ਇਲਾਜ ਕੀਤਾ।
ਜਾਣਕਾਰੀ ਦਿੰਦਿਆਂ ਲੇਬਰ ਰੂਮ ਵਿੱਚ ਮੌਜੂਦ ਸਟਾਫ ਨਰਸ ਆਸ਼ਾ ਨੇ ਦੱਸਿਆ ਕਿ ਜਦੋਂ ਲਕਸ਼ਮੀ ਨੂੰ ਲੇਬਰ ਰੂਮ ਵਿੱਚ ਲਿਆਂਦਾ ਗਿਆ ਤਾਂ ਉਸਦੀ ਡਿਲੀਵਰੀ ਹੋ ਚੁੱਕੀ ਸੀ। ਜਿਸ ਤੋਂ ਬਾਅਦ ਲਕਸ਼ਮੀ ਨੂੰ ਸਾਰੇ ਲੋੜੀਂਦੇ ਟੀਕੇ ਲਗਾਏ ਗਏ, ਜਦਕਿ ਬੱਚਿਆਂ ਦੇ ਮਾਹਿਰ ਡਾਕਟਰ ਨੂੰ ਵੀ ਮੌਕੇ ‘ਤੇ ਬੁਲਾ ਕੇ ਚੈਕਅੱਪ ਕਰਵਾਇਆ ਗਿਆ। ਫਿਲਹਾਲ ਮਾਂ ਅਤੇ ਬੱਚਾ ਦੋਵੇਂ ਬਿਲਕੁਲ ਠੀਕ ਹਨ।












