ਜਗਰਾਉਂ ਦੇ ਸਿੱਧਵਾਂ ਬੇਟ ਦੇ ਪਿੰਡ ਅੱਕੂ ਵਾਲਾ ‘ਚ ਨਾਜਾਇਜ਼ ਮਾਈਨਿੰਗ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਜਦੋਂ ਮੁੱਲਾਂਪੁਰ ਤੋਂ ‘ਆਪ’ ਆਗੂ ਕੇ.ਐਨ.ਐਸ.ਕੰਗ ਨੇ ਰੇਤ ਮਾਈਨਿੰਗ ਵਿਭਾਗ ਅਤੇ ਪੁਲਿਸ ਪਾਰਟੀ ਸਮੇਤ ਖੁਦ ਪਿੰਡ ਅੱਕੂ ਵਾਲਾ ‘ਚ ਹੋ ਰਹੀ ਨਜਾਇਜ਼ ਮਾਈਨਿੰਗ ‘ਤੇ ਛਾਪਾ ਮਾਰਿਆ। ਇਸ ਦੌਰਾਨ 5 ਪੋਕਲੇਨ ਮਸ਼ੀਨਾਂ ‘ਚੋਂ 2 ਮਸ਼ੀਨਾਂ ਮੌਕੇ ‘ਤੇ ਹੀ ਫੜੀਆਂ ਗਈਆਂ। ਜਦਕਿ 3 ਵਿਅਕਤੀ ਮਸ਼ੀਨਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ।
ਇਸ ਸਬੰਧੀ ਮਾਈਨਿੰਗ ਵਿਭਾਗ ਦੇ ਜੇਈ ਲੋਕੇਸ਼ ਗਰਗ ਦੀ ਸ਼ਿਕਾਇਤ ’ਤੇ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਭਾਗ ਸਿੰਘ ਵਾਸੀ ਪਿੰਡ ਭੈਰਮਪੁਰ, ਰੋਪੜ ਥਾਮਸ, ਵਾਸੀ ਪਿੰਡ ਭੀਡੀ ਔਲਖ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੋਕਲੇਨ ਮਸ਼ੀਨ ਵੀ ਬਰਾਮਦ ਕਰ ਲਈ ਹੈ।
ਥਾਣਾ ਸਿੱਧਵਾਂ ਬੇਟ ਦੇ ਏਐਸਆਈ ਰਾਜ ਕੁਮਾਰ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੇ ਜੇਈ ਲੋਕੇਸ਼ ਗਰਗ ਨੇ ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਰਕਾਰ ਵੱਲੋਂ ਪਾਬੰਦੀ ਦੇ ਬਾਵਜੂਦ ਸਤਲੁਜ ਦਰਿਆ ਵਿੱਚੋਂ ਕੁਝ ਵਿਅਕਤੀ ਨਾਜਾਇਜ਼ ਮਾਈਨਿੰਗ ਕਰ ਰਹੇ ਹਨ। ਜਿਸ ਕਾਰਨ ਉਨ੍ਹਾਂ ਨੇ ਮੌਕੇ ‘ਤੇ ਛਾਪੇਮਾਰੀ ਕਰ ਕੇ ਚੱਲ ਰਹੀਆਂ ਦੋ ਮਸ਼ੀਨਾਂ ਨੂੰ ਮੌਕੇ ‘ਤੇ ਹੀ ਫੜ ਲਿਆ। ਜਦਕਿ ਕੁਝ ਲੋਕ ਤਿੰਨ ਮਸ਼ੀਨਾਂ ਲੈ ਕੇ ਭੱਜ ਗਏ। ਪੁਲਿਸ ਨੇ ਦੋਵੇਂ ਮਸ਼ੀਨਾਂ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।












