ਚੰਡੀਗੜ੍ਹ : ਅਜਨਾਲਾ ਵਿਖੇ ਰੋਸ ਵਿਖਾਵੇ ਅਤੇ ਪੁਲਿਸ ਠਾਣੇ ਦੇ ਘਿਰਾਓ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗੇ ਲਗਾਕੇ ਨਿਜੀ ਹਿੱਤਾਂ ਲਈ ਹਥਿਆਰ ਦੇ ਤੌਰ ਉੱਤੇ ਵਰਤਣਾ, ਗੁਰੂ/ਸਿੱਖ ਪਰੰਪਰਾਵਾਂ/ਸ਼ਬਦ ਗੁਰੂ ਦੇ ਸਿਧਾਂਤ ਦੀ ਘੋਰ ਉਲੰਘਣਾ ਹੈ ਜਿਸਨੇ ਸਿੱਖਾਂ ਦੇ ਹਿਰਦੇ ਵਲੂੰਧਰ ਦਿੱਤੇ ਹਨ। ਪੰਜਵੇ ਪਾਤਸ਼ਾਹ ਗੁਰੂ ਅਰਜਨ ਦੇਵ ਵੱਲੋਂ ਚਾਰ ਸੌ ਸਾਲ ਪਹਿਲਾਂ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਪਿੱਛੋਂ ਇਹ ਪਹਿਲਾ ਮੌਕਾ ਹੈ ਜਦੋਂ ਸੌੜੇ/ਛੋਟੇ ਮਕਸਦ ਲਈ ਪਵਿੱਤਰ ਸਰੂਪ ਨੂੰ ਸਵੈ ਰੱਖਿਆ ਲਈ ਅੱਗੇ ਲਗਾਕੇ ਪੁਲਿਸ ਸਟੇਸ਼ਨ ਦੇ ਅੰਦਰ ਲੈਕੇ ਜਾਇਆ ਗਿਆ। ਯਾਦ ਰਹੇ, ਗੁਰੂ ਸਾਹਿਬ ਨੂੰ “ਪੋਥੀ ਪਰਮੇਸਰ ਕਾ ਥਾਨੁ” ਦਾ ਉੱਚਾ ਦਰਜਾ ਦਿੰਦਿਆਂ ਗੁਰੂ ਅਰਜਨ ਦੇਵ ਜੀ ਨੇ ਸਰੂਪ ਉੱਚੇ ਥਾਂ ਟਿਕਾਕੇ, ਆਪ ਥੱਲੇ ਫਰਸ਼ ਉੱਤੇ ਸੁੱਤੇ ਸਨ।
ਕੇਂਦਰੀ ਸਿੰਘ ਸਭਾ ਨਾਲ ਜੁੜੇ ਵਿਦਵਾਨਾਂ ਨੇ ਕਿਹਾ ਕਿ ਬੰਦਾ ਬਹਾਦਰ, ਸਿੱਖ ਮਿਸਲਾਂ, ਖਾਲਸਾ ਰਾਜ ਅਤੇ ਉਸ ਤੋਂ ਬਾਅਦ ਅੱਜ ਤੱਕ ਅਜਿਹੀ ਇੱਕ ਉਦਾਹਰਣ ਨਹੀਂ ਮਿਲੀ ਜਦੋਂ ਕੋਈ ਲੜਾਈ ਜਾਂ ਮੁਹਿੰਮ ਵਿੱਚ ਗੁਰੂ ਸਰੂਪ ਨੂੰ ਅੱਗੇ ਸਵੈ ਰੱਖਿਆ ਲਈ ਵਰਤਿਆਂ ਹੈ। ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਅਰਦਾਸ ਕਰਕੇ, ‘ਵਾਕ’ ਲੈ ਕੇ ਸਿੱਖਾਂ ਨੇ ਮਾਨਸਿਕ ਬੁਲੰਦੀ ਪ੍ਰਾਪਤ ਕਰਦਿਆ ਯੁੱਧਾਂ ਵਿੱਚ ਅਹੁਤੀ ਕੁਰਬਾਨੀਆਂ ਦਿੱਤੀਆਂ। ਕਲਕੱਤੇ ਬਜ-ਬਜ ਘਾਟ ਉੱਤੇ ਜਦੋਂ ਕੈਨੇਡਾ ਤੋਂ ਵਾਪਸ ਕੀਤੇ ਕਾਮਾਗਾਟਾ ਮਾਰੂ ਜਹਾਜ ਵਿੱਚ ਤਿੰਨ ਸੌ ਤੋਂ ਵੱਧ ਸਿੱਖ ਮੁਸਾਫਿਰਾਂ ਨੇ ਗ੍ਰਿਫਤਾਰੀਆਂ ਦੇਣ ਤੋਂ ਪਹਿਲਾ ਗੁਰੂ ਗ੍ਰੰਥ ਸਾਹਿਬ ਸਰੂਪ ਨੂੰ ਪਹਿਲਾ ਗੁਰਦੁਆਰੇ ਵਿੱਚ ਸਤਿਕਾਰ ਸਾਹਿਬ ਸੁਖਆਸਨ ਕਰਨ ਉੱਤੇ ਅੜਿਆਂ ਨੇ ਪੁਲਿਸ ਗੋਲੀਆਂ ਤੋਂ ਬੇਪਰਵਾਹ ਜਾਨਾਂ ਵਾਰੀਆਂ ਸਨ। ਇਤਿਹਾਸ ਵਿੱਚ ਜਿਕਰ ਹੈ ਕਿ ਮੁਹੰਮਦ ਗੌਰੀ ਨੇ ਦਿੱਲੀ ਉੱਤੇ 1200 ਸਾਲ ਪਹਿਲਾਂ ਕੀਤੇ ਹਮਲਾ ਸਮੇਂ ਤਾਂ ਪ੍ਰਿਥਵੀ ਰਾਜ ਚੌਹਾਨ ਨੇ ਸਵੈ-ਰੱਖਿਆਂ ਲਈ ਧਰਮ ਦਾ ਆਸਰਾ ਲੈਦਿਆਂ ਗਾਵਾਂ ਨੂੰ ਆਪਣੀ ਫੌਜ ਅੱਗੇ ਲਾਇਆ ਸੀ।
ਸਿੱਖ ਵਿਦਵਾਨਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਿੱਧਾ ਸਵਾਲ ਕੀਤਾ ਕਿ ਉਹ ਅਜਨਾਲਾ ਦੇ ਵਰਤਾਰੇ ਤੇ ਕਿਉਂ ਚੁੱਪ ਹੈ। ਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੈਰਿਜ ਪੈਲੇਸ ਵਿੱਚ ਨਹੀਂ ਲਿਜਾਇਆ ਜਾ ਸਕਦਾ ਤਾਂ ਗੁਰੂ ਸਰੂਪ ਨੂੰ ਕੱਲ੍ਹ ਅਜਨਾਲਾ ਪੁਲਿਸ ਸਟੇਸ਼ਨ ਵਿੱਚ ਕਿਓਂ ਲੈਕੇ ਜਾਇਆ ਗਿਆ? ਸਿੱਖ ਚਿੰਤਕਾਂ ਨੇ ਸਿੱਖ ਸਿਆਸਤ ਅਦਾਰੇ ਅਤੇ 1980-90 ਵੇਂ ਦੌਰ ਸਿਰਕੱਢ ਜੁਝਾਰੂਆਂ ਦੇ ਸਾਂਝੇ ਬਿਆਨ ਦੀ ਪੁਰ ਜ਼ੋਰ ਹਮਾਇਤ ਕੀਤੀ ਹੈ ਕਿ ਦਿੱਲੀ ਦਰਬਾਰ ਤੇ ਵੱਡੀਆਂ ਤਾਕਤਾਂ ਵੱਲੋਂ ਸਿੱਖਾਂ ਨੂੰ ਆਪ ਹੁਦਰਾਪਣ ਅਤੇ ਬੇਇਤਫਾਕੀ ਵਧਾਉਣ ਵਾਲੇ ਵਿਹਾਰ ਵੱਲ ਧੱਕਿਆ ਜਾ ਰਿਹਾ। ਗੁਰੂ ਕੇ ਸਿੱਖਾਂ ਨੂੰ ਇਕ ਦੂਜੇ ਪ੍ਰਤੀ ਗੁਰੂ ਭਾਈ ਵਾਲਾ ਅਮਲ ਅਪਨਾਉਣ ਲਈ ਆਪਸੀ ਸੰਵਾਦ ਮਜ਼ਬੂਤ ਕਰਨਾ ਚਾਹੀਦਾ ਹੈ। ਸਿੰਘ ਸਭਾ ਨੇ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਪਵਿੱਤਰ ਸਿੱਖ ਪ੍ਰੰਪਰਾਵਾਂ ਨੂੰ ਬਚਾਉਣ ਲਈ ਅੱਗੇ ਆਉਣ। ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਭਾਈ ਅਸ਼ੌਕ ਸਿੰਘ ਬਾਗੜੀਆ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ), ਰਾਜਵਿੰਦਰ ਸਿੰਘ ਰਾਹੀਂ, ਸੁਰਿੰਦਰ ਸਿੰਘ ਕਿਸ਼ਨਪੁਰਾ, ਡਾ. ਪਿਆਰੇ ਲਾਲ ਗਰਗ, ਪ੍ਰੋਫੈਸਰ ਮਨਜੀਤ ਸਿੰਘ, ਕਰਨਲ ਜਗਤਾਰ ਸਿੰਘ ਮੁਲਤਾਨੀ ਅਤੇ ਜਨਰਲ ਆਰ.ਐਸ. ਸੁਜਲਾਨਾ (ਪ੍ਰਧਾਨ ਇੰਸਟੀਚਿਊਟ ਆਫ ਸਿੱਖ ਸਟੱਡੀਜ਼) ਸ਼ਾਮਲ ਹਨ।