ਚੰਡੀਗੜ੍ਹ (ਬਲਜੀਤ ਮਰਵਾਹਾ): ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਪ੍ਰਧਾਨ ਲਾਏ ਜਾਣ ਦੀ ਵਿਰੋਧਤਾ ਕਰਨ ਵਾਲੇ ਅਬੋਹਰ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਛੇਤੀ ਝਾੜੂ ਚੁੱਕਣਗੇ। ਉਹਨਾਂ ਦੀ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਨਾਲ ਗੱਲਬਾਤ ਹੋ ਚੁੱਕੀ ਹੈ, ਹਲਾਂਕਿ ਜਾਖੜ ਨਾਰੰਗ ਦੇ ਘਰ ਜਾ ਕੇ ਆਏ ਸਨ ਪਰ ਉਨ੍ਹਾਂ ਨੇ ਜਾਖੜ ਨੂੰ ਕਹਿ ਦਿੱਤਾ ਕਿ ਉਹ ਭਾਜਪਾ ਨਾਲ ਨਾਰਾਜ਼ ਹਨ , ਜਾਖੜ ਨਾਲ ਨਹੀਂ।
ਇਹ ਐਲਾਨ ਕੁੱਝ ਦਿਨਾਂ ਵਿੱਚ ਹੋ ਸਕਦਾ ਹੈ। ਦੱਸਣਯੋਗ ਹੈ ਕਿ ਦੀਪ ਕੰਬੋਜ ਜਿਸਨੇ ਜਾਖੜ ਦੇ ਭਤੀਜੇ ਸੰਦੀਪ ਜਾਖੜ ਦੇ ਖਿਲਾਫ ਆਪ ਉਮੀਦਵਾਰ ਵਜੋਂ ਚੋਣ ਲੜੀ ਸੀ ਤੇ ਪਰਚਾ ਦਰਜ਼ ਹੋਣ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਸਾਇਡ ‘ਤੇ ਕੀਤਾ ਹੋਇਆ ਹੈ।
ਮਿਉਂਸਪਲ ਕੌਂਸਲਰ ਤੋਂ ਵਿਧਾਇਕ ਬਣੇ ਨਾਰੰਗ ਦਾ ਚੰਗਾ ਆਧਾਰ ਹੋਣ ਕਾਰਨ ‘ਆਪ’ ਨੂੰ ਕੋਈ ਹੋਰ ਯੋਗ ਨੇਤਾ ਨਹੀਂ ਮਿਲ ਰਿਹਾ ਹੈ। ਕਿਸੇ ਵੇਲੇ ਨਾਰੰਗ ਨੇ ਸੁਨੀਲ ਜਾਖੜ ਨੂੰ ਚੋਣਾਂ ਵਿੱਚ ਹਰਾਇਆ ਸੀ। ਉੱਧਰ ਇਸ ਬਾਰੇ ਸੰਪਰਕ ਕਰਨ ਤੇ ਨਾਰੰਗ ਨੇ ਕਿਹਾ ਕਿ ਹਾਲੇ ਆਰਾਮ ਕਰ ਰਹੇ ਹਨ। ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਨੇ ਹੁਣ ਤੱਕ ਭਾਜਪਾ ਵੀ ਨਹੀਂ ਛੱਡੀ ਹੈ।











