ਅਬੋਹਰ ਉਪ ਮੰਡਲ ਦੇ ਪਿੰਡ ਖੇਮਾਖੇੜਾ ਦੇ ਰਹਿਣ ਵਾਲੇ 17 ਸਾਲਾ ਲੜਕੇ ਦੀ ਅੱਜ ਦੁਪਹਿਰ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ‘ਚ ਰਖਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਭਾਈਕਾ ਕੇਰਾ ‘ਚ ਇਕ ਪ੍ਰੋਗਰਾਮ ਦੌਰਾਨ ਟੈਂਟ ਦੀ ਪਾਈਪ ਹਟਾਉਂਦੇ ਸਮੇਂ ਉਪਰੋਂ ਲੰਘਦੀ ਲਾਈਨ ‘ਚ ਲੋਹੇ ਦੀ ਪਾਈਪ ਛੂਹ ਜਾਣ ਕਾਰਨ ਇਹ ਹਾਦਸਾ ਵਾਪਰਿਆ।
ਮ੍ਰਿਤਕ ਦੇ ਭਰਾ ਧਰਮਪ੍ਰੀਤ ਵਾਸੀ ਪਿੰਡ ਖੇਮਾਖੇੜਾ ਨੇ ਦੱਸਿਆ ਕਿ ਉਸ ਦਾ 17 ਸਾਲਾ ਭਰਾ ਧਰਮਵੀਰ ਉਰਫ਼ ਕਾਕੂ ਪੁੱਤਰ ਰਾਜ ਸਿੰਘ ਪਿੰਡ ਭਾਈਕਾ ਕੇਰਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਕੋਲ ਡੀਜੇ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਅੱਜ ਡੀਜੇ ਮਾਲਕ ਗੁਰਪ੍ਰੀਤ ਸਿੰਘ ਦੇ ਪਿਤਾ ਦੀ ਬਰਸੀ ਮੌਕੇ ਉਨ੍ਹਾਂ ਦੇ ਘਰ ਪ੍ਰੋਗਰਾਮ ਸੀ। ਜਿਸ ਲਈ ਘਰ ਦੇ ਬਾਹਰ ਟੈਂਟ ਲਗਾਇਆ ਹੋਇਆ ਸੀ। ਧਰਮਪ੍ਰੀਤ ਨੇ ਦੱਸਿਆ ਕਿ ਪ੍ਰੋਗਰਾਮ ਤੋਂ ਬਾਅਦ ਗੁਰਪ੍ਰੀਤ ਅਤੇ ਧਰਮਵੀਰ ਦੋਵੇਂ ਟੈਂਟ ਦੀ ਪਾਈਪ ਹੇਠਾਂ ਉਤਾਰ ਰਹੇ ਸਨ ਕਿ ਇਸੇ ਦੌਰਾਨ ਧਰਮਵੀਰ ਵੱਲੋਂ ਪਾਈਪ ਹੇਠਾਂ ਲੰਘਣ ਵਾਲੀ ਬਿਜਲੀ ਦੀਆਂ ਤਾਰਾਂ ਨੂੰ ਛੂਹ ਗਈ।
ਜਿਸ ਕਾਰਨ ਧਰਮਵੀਰ ਬਿਜਲੀ ਦਾ ਕਰੰਟ ਲੱਗਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਧਰਮਵੀਰ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਾਅਦ ਵਿਚ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿਚ ਰਖਵਾਇਆ ਗਿਆ। ਫਿਲਹਾਲ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।












