ਪੰਜਾਬ ਵਿਜੀਲੈਂਸ ਬਿਊਰੋ ਨੇ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਦੋ ਸਾਥੀਆਂ ਖਿਲਾਫ ਫਿਰੌਤੀ, ਧੋਖਾਧੜੀ ਅਤੇ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਉਹ ਮਨੁੱਖੀ ਅਧਿਕਾਰ ਸੈੱਲ ਪੰਜਾਬ ਵਿੱਚ ਸਹਾਇਕ ਇੰਸਪੈਕਟਰ ਜਨਰਲ ਵਜੋਂ ਤਾਇਨਾਤ ਸਨ। ਉਨ੍ਹਾਂ ਦੇ ਨਾਲ ਹੀ ਮਾਮਲੇ ਵਿੱਚ ਮੋਹਾਲੀ ਨਿਵਾਸੀ ਡਰਾਈਵਰ ਕੁਲਦੀਪ ਸਿੰਘ ਅਤੇ ਪਟਿਆਲਾ ਨਿਵਾਸੀ ਬਲਬੀਰ ਸਿੰਘ ਦੇ ਨਾਮ ਵੀ ਸ਼ਾਮਿਲ ਹਨ। ਵਿਜੀਲੈਂਸ ਬਿਊਰੋ ਦੇ ਸੂਤਰਾਂ ਤੋਂ
ਮਿਲੀ ਜਾਣਕਾਰੀ ਅਨੁਸਾਰ ਕਥਿਤ ਦੋਸ਼ੀ ਸਰਕਾਰੀ ਮੁਲਾਜ਼ਮਾਂ ਵਿਰੁੱਧ ਨਾਜਾਇਜ਼ ਸ਼ਿਕਾਇਤਾਂ ਦਰਜ ਕਰਵਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਦਾ ਸੀ। ਇਸ ਸਬੰਧੀ ਉਨ੍ਹਾਂ ਨੂੰ 6 ਅਕਤੂਬਰ ਨੂੰ ਸ਼ਿਕਾਇਤ ਮਿਲੀ ਸੀ। ਜਾਂਚ ਤੋਂ ਬਾਅਦ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੀ ਧਾਰਾ 7 ਅਤੇ 7ਏ, ਆਈਪੀਸੀ ਦੀ ਧਾਰਾ 384, 419, 420 ਅਤੇ 120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਏ.ਆਈ.ਜੀ ‘ਤੇ ਆਪਣੀ ਸਰਕਾਰੀ ਗੱਡੀ ਦੀ ਦੁਰਵਰਤੋਂ ਕਰਨ ਦਾ ਵੀ ਦੋਸ਼ ਹੈ। ਉਸ ਨੂੰ ਅਰਟਿਗਾ ਕਾਰ ਮਿਲੀ ਸੀ। ਜਿਸ ਵਿਚ ਉਹ ਪੰਜਾਬ ਵਿਜੀਲੈਂਸ ਦੇ ਏ.ਆਈ.ਜੀ ਵਜੋਂ ਜਾ ਕੇ ਲੋਕਾਂ ਦੀ ਜਾਂਚ ਕਰਦਾ ਸੀ। ਜਦੋਂ ਕਿ ਪਿਛਲੇ 5 ਸਾਲਾਂ ਦੌਰਾਨ ਉਹ ਕਦੇ ਵੀ ਵਿਜੀਲੈਂਸ ਬਿਊਰੋ ਵਿੱਚ ਕੰਮ ਨਹੀਂ ਕਰਦਾ ਰਿਹਾ। ਕਿਸੇ ਨੇ ਵੀ ਇਸ ਗੱਡੀ ਦੀ ਬੁਕਿੰਗ ਜਾਂ ਰੱਖ-ਰਖਾਅ ਨਹੀਂ ਕੀਤੀ ਸੀ। ਮਾਲਵਿੰਦਰ ਸਿੰਘ ਸਿੱਧੂ ਨੂੰ ਮੋਹਾਲੀ ਪੁਲਿਸ ਨੇ 25 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਵਿਜੀਲੈਂਸ ਦੇ ਡੀਐਸਪੀ ਵਰਿੰਦਰ ਸਿੰਘ ਨੇ ਉਸ ਖ਼ਿਲਾਫ਼ ਮੁਹਾਲੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ। ਉਸ ‘ਤੇ ਸਰਕਾਰੀ ਕੰਮ ‘ਚ ਰੁਕਾਵਟ ਪਾਉਣ, ਸਰਕਾਰੀ ਅਧਿਕਾਰੀ ਨਾਲ ਝਗੜਾ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਰਗੇ ਗੰਭੀਰ ਦੋਸ਼ ਲੱਗੇ ਸਨ।
ਦੱਸ ਦਈਏ ਕਿ 25 ਅਕਤੂਬਰ ਨੂੰ ਉਹ ਵਿਜੀਲੈਂਸ ਦੀ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਮੁਹਾਲੀ ਸਥਿਤ ਵਿਜੀਲੈਂਸ ਦਫਤਰ ਪੁੱਜੇ ਸਨ। ਪੁੱਛਗਿੱਛ ਦੌਰਾਨ ਉਸ ਦੀ ਵਿਜੀਲੈਂਸ ਅਧਿਕਾਰੀਆਂ ਨਾਲ ਤਕਰਾਰ ਹੋ ਗਈ।
ਪੁੱਛਗਿੱਛ ਦੌਰਾਨ ਵਿਜੀਲੈਂਸ ਅਧਿਕਾਰੀਆਂ ਨੇ ਉਸ ਨੂੰ ਆਪਣਾ ਮੋਬਾਈਲ ਫ਼ੋਨ ਜ਼ਬਤ ਕਰਨ ਲਈ ਕਿਹਾ ਸੀ ਪਰ ਉਹ ਮੋਬਾਈਲ ਫ਼ੋਨ ‘ਤੇ ਪੁੱਛਗਿੱਛ ਰਿਕਾਰਡ ਕਰ ਰਿਹਾ ਸੀ | ਇਸ ਕਾਰਨ ਉਸ ਦੀ ਵਿਜੀਲੈਂਸ ਅਧਿਕਾਰੀ ਨਾਲ ਝੜਪ ਹੋ ਗਈ। ਇਸ ਤੋਂ ਇਲਾਵਾ ਉਸ ਦੀ ਪਤਨੀ ਅਤੇ ਪੁੱਤਰ ਨੇ ਵੀ ਵਿਜੀਲੈਂਸ ਦਫ਼ਤਰ ਦੇ ਬਾਹਰ ਹਾਈ ਵੋਲਟੇਜ ਡਰਾਮਾ ਰਚਿਆ। ਉਨ੍ਹਾਂ ਨੂੰ ਕਾਬੂ ਕਰਨ ਲਈ ਉੱਥੇ ਮਹਿਲਾ ਪੁਲਿਸ ਵੀ ਤਾਇਨਾਤ ਕੀਤੀ ਗਈ ਸੀ।