ਚੰਡੀਗੜ੍ਹ, 18 ਜਨਵਰੀ 2024 – ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਦੀ ਚੋਣ ਅੱਜ ਹੋਣੀ ਸੀ। ਪਰ ਭਾਰੀ ਹੰਗਾਮੇ ਤੋਂ ਬਾਅਦ ਚੰਡੀਗੜ੍ਹ ਦੇ ਮੇਅਰ ਦੀ ਚੋਣ ਟਾਲ ਦਿੱਤੀ ਗਈ ਹੈ। ਫਿਲਹਾਲ ਮੇਅਰ ਦੀ ਚੋਣ ਲਈ ਅਗਲੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਗਿਆ ਹੈ, ਜਿਸ ਦਾ ਐਲਾਨ ਬਾਅਦ ‘ਚ ਕੀਤਾ ਜਾਵੇਗਾ।
ਅਸਲ ‘ਚ ਦੇਸ਼ ਵਿੱਚ ਪਹਿਲੀ ਵਾਰ ਵਿਰੋਧੀ ਪਾਰਟੀਆਂ ਦੇ ਗਠਜੋੜ I.N.D.I.A ਅਤੇ ਬੀਜੇਪੀ ਦੇ ਵਿੱਚ ਸਿੱਧਾ ਮੁਕਾਬਲਾ ਹੈ। ਪਰ ਮੇਅਰ ਦੀ ਚੋਣ ਤੋਂ ਪਹਿਲਾਂ ਹੀ ਹੰਗਾਮਾਂ ਹੋ ਗਿਆ। ਨਗਰ ਨਿਗਮ ਦਫ਼ਤਰ ਦੇ ਬਾਹਰ ਹੰਗਾਮਾ ਕਰਨ ਵਾਲੇ ਕਾਂਗਰਸ ਅਤੇ ‘ਆਪ’ ਵਰਕਰਾਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਹੁਣ ਪੁਲੀਸ ਉਨ੍ਹਾਂ ਨੂੰ ਬੱਸ ਰਾਹੀਂ ਸਬੰਧਤ ਥਾਣਿਆਂ ਵਿੱਚ ਲੈ ਜਾ ਰਹੀ ਹੈ। ਚੋਣਾਂ ਦੌਰਾਨ ਕੋਈ ਹੰਗਾਮਾ ਨਾ ਹੋਵੇ, ਇਸ ਲਈ ਪੁਲੀਸ ਵੱਲੋਂ ਨਿਗਮ ਦਫ਼ਤਰ ਦੀ ਚਾਰਦੀਵਾਰੀ ਅਤੇ ਆਸਪਾਸ ਦੇ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਚੋਣਾਂ ‘ਚ ਹੋਈਆਂ ਬੇਨਿਯਮੀਆਂ ਦੇ ਮੱਦੇਨਜ਼ਰ ‘ਆਪ’ ਨੇ ਵਰਕਰਾਂ ਨੂੰ ਨਿਗਮ ਦਫਤਰ ਪਹੁੰਚਣ ਦਾ ਸੱਦਾ ਦਿੱਤਾ ਹੈ।
ਉਥੇ ਹੀ ਕਾਂਗਰਸ ਅਤੇ ‘ਆਪ’ ਵਰਕਰਾਂ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਕਾਂਗਰਸੀ ਲੀਡਰ ਪਵਨ ਬੰਸਲ ਨੇ ਕਿਹਾ ਕਿ ਇਹ ਮਾਮਲਾ ਕੋਰਟ ‘ਚ ਲੈ ਕੇ ਜਾਵਾਂਗੇ।
ਹੰਗਾਮੇ ਦੇ ਮੱਦੇਨਜ਼ਰ ਭਾਰੀ ਪੁਲਿਸ ਬਾਲ ਤੈਨਾਤ ਹੈ। ਚੰਡੀਗੜ੍ਹ ਪੁਲਿਸ ਨੇ ਆਲੇ-ਦੁਆਲੇ ਦੇ ਖੇਤਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ ਅਤੇ 600 ਤੋਂ ਵੱਧ ਸਿਪਾਹੀ ਫੀਲਡ ਵਿੱਚ ਤਾਇਨਾਤ ਕਰ ਦਿੱਤੇ ਹਨ। ਨਗਰ ਨਿਗਮ ਦਫ਼ਤਰ ਦੇ ਦੋਵੇਂ ਗੇਟਾਂ ਦੇ ਕਰੀਬ 200 ਮੀਟਰ ਦੇ ਖੇਤਰ ਨੂੰ ਤਿੰਨ-ਪੱਧਰੀ ਸੁਰੱਖਿਆ ਹੇਠ ਰੱਖਿਆ ਗਿਆ ਹੈ। ਪਹਿਲੀ ਵਾਰ ਮੇਅਰ ਚੋਣਾਂ ਲਈ ਇੰਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਚੰਡੀਗੜ੍ਹ ਨਗਰ ਨਿਗਮ, ਜਿਸ ਵਿੱਚ 35 ਕੌਂਸਲਰ ਹਨ, ਵਿੱਚ ਬਹੁਮਤ ਦਾ ਅੰਕੜਾ 19 ਹੈ। ਜੇਕਰ ਇੱਥੇ ਬਹੁਮਤ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਇਹ ‘ਆਪ’-ਕਾਂਗਰਸ ਦੇ ਹੱਕ ‘ਚ ਹੈ। ‘ਆਪ’ ਦੇ 13 ਅਤੇ ਕਾਂਗਰਸ ਦੇ 7 ਸਮੇਤ ਕੁੱਲ 20 ਕੌਂਸਲਰ ਹਨ। ਜਦਕਿ ਭਾਜਪਾ ਕੋਲ 14 ਕੌਂਸਲਰ ਅਤੇ 1 ਸੰਸਦ ਮੈਂਬਰ ਕਿਰਨ ਖੇਰ ਯਾਨੀ ਸਿਰਫ਼ 15 ਵੋਟਾਂ ਹਨ। ਵੋਟਾਂ ਦੇ ਅੰਕੜਿਆਂ ਅਨੁਸਾਰ ‘ਆਪ’-ਕਾਂਗਰਸ ਦੇ ਗਠਜੋੜ ਦਾ ਇੱਥੇ ਮੇਅਰ ਬਣਨਾ ਤੈਅ ਹੈ।












