ਪਟਿਆਲਾ: ਏ.ਡੀ.ਸੀ. ਕੰਚਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀਬੀਈਈ) ਪਟਿਆਲਾ ਵੱਲੋਂ ਕਰਵਾਏ ਗਏ ਆਪਣੇ ‘ਕੌਫੀ ਵਿਦ ਆਫ਼ਿਸਰ’ ਪਹਿਲਕਦਮੀ ਦੇ 5ਵੇਂ ਸੈਸ਼ਨ ਮੌਕੇ ਸਕੂਲੀ ਵਿਦਿਆਰਥੀਆਂ ਦੇ ਰੂਬਰੂ ਹੋਏ। ਥਾਪਰ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਆਡੀਟੋਰੀਅਮ ਵਿਖੇ ਪਟਿਆਲਾ ਦੇ 18 ਸਰਕਾਰੀ ਸਕੂਲਾਂ ਦੇ 250 ਹੋਣਹਾਰ ਵਿਦਿਆਰਥੀਆਂ ਨੇ ਏ.ਡੀ.ਸੀ ਨਾਲ ਸਿੱਧੀ ਗੱਲਬਾਤ ਕੀਤੀ।
ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਕੰਚਨ ਨੇ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਆਪਣੇ ਦੇਸ਼ ‘ਚ ਰਹਿ ਕੇ ਕੀਤਾ ਜਾਣ ਵਾਲਾ ਹਰੇਕ ਕਾਨੂੰਨੀ ਕੰਮ ਦੇਸ਼ ਦੀ ਸੇਵਾ ਹੀ ਹੈ, ਇਸ ਲਈ ਕੋਈ ਵਿਦਿਆਰਥੀ ਇਸ ਗੱਲੋਂ ਨਿਰਾਸ਼ ਨਾ ਹੋਵੇ ਕਿ ਜੇਕਰ ਉਸਦਾ ਮੁਕਾਬਲੇ ਦੀ ਪ੍ਰੀਖਿਆ ਦਾ ਇਮਤਿਹਾਨ ਪਾਸ ਨਹੀਂ ਹੋਵੇਗਾ ਤਾਂ ਉਹ ਦੇਸ਼ ਦੀ ਸੇਵਾ ਨਹੀਂ ਕਰ ਸਕੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਸਫ਼ਲਤਾ ਲਈ ਸਖ਼ਤ ਮਿਹਨਤ ਦੇ ਨਾਲ-ਨਾਲ ਸਵੈ ਪੜ੍ਹਚੋਲ ਵੀ ਲਗਾਤਾਰ ਕਰਦੇ ਰਹਿਣ।
ਏ.ਡੀ.ਸੀ. ਕੰਚਨ ਨੇ ਆਈ.ਏ.ਐਸ. ਅਫ਼ਸਰ ਬਣਨ ਦੀ ਆਪਣੀ ਪ੍ਰੇਰਣਾਦਾਇਕ ਕਹਾਣੀ ਸਾਂਝੀ ਕਰਦਿਆਂ, ਆਪਣੀ ਤਿਆਰੀ ਦੀ ਰਣਨੀਤੀ ਤੇ ਜੋ ਰੁਕਾਵਟਾਂ ਪਾਰ ਕੀਤੀਆਂ, ਬਾਰੇ ਦੱਸਣ ਸਮੇਤ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ਦੇ ਟੀਚਿਆਂ ਦੀ ਪ੍ਰਾਪਤੀ ਦੌਰਾਨ ਤਣਾਅ ਅਤੇ ਚੁਣੌਤੀਆਂ ਨਾਲ ਨਜਿੱਠਣ ਲਈ ਵੱਡਮੁੱਲੀ ਸਲਾਹ ਦਿੱਤੀ।ਉਨ੍ਹਾਂ ਨੇ ਵਿਦਿਆਰਥੀਆਂ ਦੀ ਕਰੀਅਰ ਦੀ ਯੋਜਨਾਬੰਦੀ, ਟੀਚਾ ਨਿਰਧਾਰਨ, ਅਤੇ ਪ੍ਰਭਾਵਸ਼ਾਲੀ ਸਮਾਂ ਪ੍ਰਬੰਧਨ ਨਾਲ ਸਬੰਧਤ ਸਵਾਲਾਂ ਦੇ ਜਵਾਬ ਦਿੱਤੇ।
ਏ.ਡੀ.ਸੀ. ਨੇ ਵਿਦਿਆਰਥੀਆਂ ਨੂੰ ਧਿਆਨ ਭੜਕਾਊ ਸੋਸ਼ਲ ਮੀਡੀਆ ਪਲੈਟਫਾਰਮਾਂ ਤੋਂ ਦੂਰੀ ਬਣਾ ਕੇ ਰੱਖਣ ਸਮੇਤ ਸਖ਼ਤ ਮਿਹਨਤ ਕਰਨ, ਸਬਜੈਕਟਾਂ ਦੀ ਚੋਣ ਰੁਚੀ ਮੁਤਾਬਕ ਕਰਨ ਅਤੇ ਵਿੱਦਿਅਕ ਕਲਾਸਾਂ ਵਿੱਚ ਪ੍ਰਾਪਤ ਅੰਕਾਂ ਨੂੰ ਇੰਟੈਲੀਜੈਂਟ ਹੋਣ ਦਾ ਮਾਪਦੰਡ ਨਾ ਬਣਾਉਣ ਦੀ ਵੀ ਸਲਾਹ ਦਿੱਤੀ। ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਮਾਪਿਆਂ ਨਾਲ ਬੈਠਕੇ ਆਪਣੇ ਕਰੀਅਰ ਬਾਰੇ ਜਰੂਰ ਵਿਚਾਰ ਚਰਚਾ ਕਰਨ।
ਜਿਕਰਯੋਗ ਹੈ ਕਿ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਹ ਨਿਵੇਕਲੀ ਪਹਿਲਕਦਮੀ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲਾਕੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਲਈ ਸ਼ੁਰੂ ਕੀਤੀ ਸੀ।