ਚੰਡੀਗੜ੍ਹ, 20 ਅਗਸਤ: ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਾਂਗਰਸੀ ਆਗੂਆਂ ਵਿਰੁੱਧ ਕੀਤੀ ਜਾ ਰਹੀ ਬਦਲੇ ਦੀ ਸਿਆਸਤ ਤੋਂ ਭੜਕੇ ਪੰਜਾਬ ਕਾਂਗਰਸ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਸੂਬੇ ਦੀ ਸਮੁੱਚੀ ਲੀਡਰਸ਼ਿਪ ਸੋਮਵਾਰ ਨੂੰ ਸਵੇਰੇ 11 ਵਜੇ ਵਿਜੀਲੈਂਸ ਬਿਊਰੋ ਅੱਗੇ ਪੇਸ਼ ਹੋਵੇਗੀ, ਕਿਉਂਕਿ ਉਹ ਸਾਰੇ ਸਰਕਾਰ ਵੱਲੋਂ ਨਿੱਤ ਦਿਨ ਉਨ੍ਹਾਂ ਦੇ ਆਗੂਆਂ ’ਤੇ ਲਾਏ ਜਾ ਰਹੇ ਦੋਸ਼ਾਂ ਤੋਂ ਤੰਗ ਆ ਚੁੱਕੇ ਹਨ।
ਕਾਂਗਰਸੀ ਆਗੂਆਂ ਨੇ ਜਾਂਚ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਆਪਣੀ ਸੀਮਾ ਤੋਂ ਬਾਹਰ ਜਾਣ ਖਿਲਾਫ ਚਿਤਾਵਨੀ ਵੀ ਦਿੱਤੀ ਹੈ। ਜਿਨ੍ਹਾਂ ਨੇ ਪੰਜਾਬ ਵਿੱਚ ਕੰਮ ਕਰਨਾ ਹੈ ਅਤੇ ਕਾਨੂੰਨ ਦੇ ਹੱਥ ਆਖ਼ਰਕਾਰ ਉਨ੍ਹਾਂ ਤੱਕ ਪਹੁੰਚਣਗੇ, ਜਿਨ੍ਹਾਂ ਦੀ ਪਕੜ ਵਿੱਚ ਕਈ ਅਧਿਕਾਰੀ ਸੇਵਾਮੁਕਤੀ ਤੋਂ ਬਾਅਦ ਵੀ ਆ ਚੁੱਕੇ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਉਪ ਮੁੱਖ ਮੰਤਰੀ ਓ.ਪੀ.ਸੋਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਸੁੱਖ ਸਰਕਾਰੀਆ, ਪਰਗਟ ਸਿੰਘ, ਕੁਸ਼ਲਦੀਪ ਸਿੰਘ ਢਿੱਲੋਂ, ਰਾਜ ਕੁਮਾਰ ਚੱਬੇਵਾਲ, ਸੰਜੇ ਤਲਵਾੜ ਤੇ ਹੋਰਨਾਂ ਨੇ ਕਿਹਾ ਕਿ ਉਹ ਰਾਜਪਾਲ ਨੂੰ ਮਿਲ ਕੇ ਪੰਜਾਬ ਵਿੱਚ ਆਬਕਾਰੀ ਨੀਤੀ ਦੀ ਜਾਂਚ ਦੀ ਮੰਗ ਕਰਨਗੇ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਦਿੱਲੀ ਵਾਂਗ ਪੰਜਾਬ ਦੀ ਆਬਕਾਰੀ ਨੀਤੀ ਵੀ ਵਿਕ ਚੁੱਕੀ ਹੈ, ਜਿਸ ਤਹਿਤ ‘ਆਪ’ ਆਗੂਆਂ ਸਮੇਤ ਕੁਝ ਸੀਨੀਅਰ ਅਧਿਕਾਰੀਆਂ ਦੀ ਸ਼ਹਿ ‘ਤੇ ਸੂਬੇ ਨਾਲ ਹਜ਼ਾਰਾਂ ਕਰੋੜਾਂ ਰੁਪਏ ਦਾ ਘਪਲਾ ਕਰਨ ਤੋਂ ਇਲਾਵਾ ਸੈਂਕੜੇ ਪੰਜਾਬੀ ਵਪਾਰੀਆਂ ਨੂੰ ਬੇਰੁਜ਼ਗਾਰ ਕਰ ਦਿੱਤਾ ਗਿਆ ਹੈ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪਾਰਟੀ ਸਰਹੱਦੀ ਖੇਤਰਾਂ ਵਿੱਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਦੀ ਕੌਮੀ ਜਾਂਚ ਏਜੰਸੀ ਤੋਂ ਜਾਂਚ ਕਰਾਉਣ ਦੀ ਮੰਗ ਵੀ ਕਰੇਗੀ, ਜਿਸ ਬਾਰੇ ਬੀਐਸਐਫ ਨੇ ਕੌਮੀ ਸੁਰੱਖਿਆ ਨੂੰ ਖਤਰੇ ਦੀ ਚਿਤਾਵਨੀ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਬਕਾਰੀ ਅਤੇ ਮਾਈਨਿੰਗ ਵਿਭਾਗ ਨੂੰ ਸੰਭਾਲਣ ਵਾਲੇ ਦੋ ਮੰਤਰੀਆਂ ਨੂੰ ਵੀ ਦਿੱਲੀ ਵਿੱਚ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਵਰਗੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ‘ਆਪ’ ਵੱਲੋਂ ਪੰਜਾਬ ‘ਚ ਬਦਲੇ ਦੀ ਰਾਜਨੀਤੀ ਰਾਹੀਂ ਦਿੱਲੀ ਅਤੇ ਪੰਜਾਬ ‘ਚ ਆਪਣੀਆਂ ਭ੍ਰਿਸ਼ਟ ਗਤੀਵਿਧੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ਨੇ ਕਿਹਾ ਕਿ ਦਿੱਲੀ ‘ਚ ਇਹ ਅੱਤਿਆਚਾਰ ਅਤੇ ਧੱਕੇਸ਼ਾਹੀ ਦਾ ਰੌਲਾ ਪਾਉਂਦੇ ਹਨ, ਜਦਕਿ ਇੱਥੇ ਵਿਰੋਧੀਆਂ ਖ਼ਿਲਾਫ਼ ਪੂਰੀ ਤਰ੍ਹਾਂ ਸਿਆਸੀ ਬਦਲਾ ਲੈ ਰਹੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਆਪ ਨੇ ਕਈ ਤਰੀਕਿਆਂ ਨਾਲ ਕਾਂਗਰਸ ਵਿਰੁੱਧ ਦੁਸ਼ਮਣੀ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਜ਼ਮੀਨੀ ਪੱਧਰ ਦੇ ਪੰਚਾਂ-ਸਰਪੰਚਾਂ ਤੋਂ ਲੈ ਕੇ ਸੂਬਾ ਪੱਧਰੀ ਆਗੂਆਂ ਤੇ ਸਾਬਕਾ ਮੰਤਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
----------- Advertisement -----------
‘ਆਪ’ ਵੱਲੋਂ ਨਫ਼ਰਤ ਦੀ ਸਿਆਸਤ ਤੇ ਵਰ੍ਹੀ ਕਾਂਗਰਸ,ਸਮੁੱਚੀ ਲੀਡਰਸ਼ਿਪ ਸੋਮਵਾਰ ਨੂੰ ਵਿਜੀਲੈਂਸ ਸਾਹਮਣੇ ਹੋਵੇਗੀ ਪੇਸ਼
Published on
----------- Advertisement -----------
----------- Advertisement -----------












