ਮੋਹਾਲੀ : ਬੀਤੀ ਰਾਤ ਕਰੀਬ 3.15 ਵਜੇ ਦੋ ਅਣਪਛਾਤੇ ਬਦਮਾਸ਼ਾਂ ਵੱਲੋਂ ਬੇਸਬਾਲ ਬੈਟ ਅਤੇ ਹਾਕੀ ਸਟਿੱਕ ਨਾਲ ਇੱਕ ਕੰਮ ਕਰਨ ਵਾਲੀ ਲੜਕੀ ਅਲੀਸ਼ਾ ਪਰਾਸ਼ਰ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ ਉਹ ਮੁਹਾਲੀ ਦੇ ਫੇਜ਼ 1 ਦੇ ਰਿਹਾਇਸ਼ੀ ਖੇਤਰ (ਐਲਆਈਜੀ ਹਾਉਸ) ਵਿੱਚ ਰਹਿੰਦੀ ਹੈ ਅਤੇ ਫੇਜ਼ 1 ਵਿੱਚ ਸਥਿਤ ਉਦਯੋਗਿਕ ਖੇਤਰ ਵਿੱਚ ਹੀ ਐਨਏਏਸੀ ਗਲੋਬਲ ਨਾਮਕ ਕੰਪਨੀ ਵਿੱਚ ਕੰਮ ਕਰਦੀ ਹੈ। ਰੋਜ਼ ਦੀ ਤਰ੍ਹਾਂ ਬੀਤੀ ਰਾਤ ਵੀ ਉਹ ਕੰਪਨੀ ਦੀ ਕੈਬ ‘ਚ ਘਰ ਵਾਪਸ ਆਈ ਪਰ ਘਰ ਦੇ ਗੇਟ ‘ਤੇ ਹੀ ਉਸ ‘ਤੇ ਹਮਲਾ ਕਰ ਦਿੱਤਾ ਗਿਆ। ਹਮਲਾਵਰ ਸਿਰ ‘ਤੇ ਵਾਰ ਕਰ ਰਹੇ ਸਨ ਪਰ ਅਲੀਸ਼ਾ ਨੇ ਆਪਣੀਆਂ ਦੋਵੇਂ ਬਾਹਾਂ ਚੁੱਕ ਕੇ ਸਿਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਸਿਰ ਤਾਂ ਵਾਲ-ਵਾਲ ਬਚ ਗਿਆ ਪਰ ਦੋਹਾਂ ਬਾਹਾਂ ਦੀਆਂ ਹੱਡੀਆਂ ‘ਚ ਕਈ ਵਾਰ ਫਰੈਕਚਰ ਹੋ ਗਿਆ। ਅਲੀਸ਼ਾ ਦੀਆਂ ਚੀਕਾਂ ਸੁਣ ਕੇ ਪਰਿਵਾਰਕ ਮੈਂਬਰ ਬਾਹਰ ਆਏ ਤਾਂ ਹਮਲਾਵਰ ਭੱਜ ਗਏ। ਅਲੀਸ਼ਾ ਨੂੰ ਤੁਰੰਤ ਫੇਜ਼ 6 ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਹਮਲਾਵਰਾਂ ਦੇ ਚਿਹਰੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਹਨ। ਅਲੀਸ਼ਾ ਦੇ ਪਤੀ ਸਿਧਾਰਥ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਫੇਜ਼-1 ਸਥਿਤ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਕੰਪਨੀ ਦੀ ਕੈਬ ਦੇ ਡਰਾਈਵਰ ‘ਤੇ ਪ੍ਰੋਟੋਕੋਲ ਤੋੜਨ ਦਾ ਦੋਸ਼ ਵੀ ਲਾਉਂਦਿਆਂ ਕਿਹਾ ਕਿ ਨਿਯਮ ਅਨੁਸਾਰ ਕੈਬ ਡਰਾਈਵਰ ਨੂੰ ਲੜਕੀ ਦੇ ਘਰ ਅੰਦਰ ਜਾਣ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ ਪਰ ਇਸ ਮਾਮਲੇ ‘ਚ ਅਜਿਹਾ ਨਹੀਂ ਹੋਇਆ।












