- ਦੇਰ ਰਾਤ ਵਿਗੜੀ ਸੀ ਸਿਹਤ, ਹਸਪਤਾਲ ਲਿਜਾਂਦੇ ਸਮੇਂ ਹੋਈ ਮੌਤ
ਪਟਿਆਲਾ, 19 ਫਰਵਰੀ 2024 – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦੇ ਬਾਹਰ ਧਰਨੇ ‘ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਾਲ ਸਬੰਧਤ ਕਿਸਾਨ ਨਰਿੰਦਰਪਾਲ ਦੀ ਦੇਰ ਰਾਤ ਮੌਤ ਹੋ ਗਈ। 2 ਦਿਨਾਂ ਤੋਂ ਹੜਤਾਲ ‘ਤੇ ਬੈਠੇ ਨਰਿੰਦਰਪਾਲ ਦੀ ਤਬੀਅਤ ਵਿਗੜਨ ‘ਤੇ ਸਾਥੀ ਕਿਸਾਨ ਉਸ ਨੂੰ ਘਰ ਲੈ ਕੇ ਜਾ ਰਿਹੇ ਸੀ ਪਰ ਜਦੋਂ ਉਸ ਦੀ ਸਿਹਤ ਵਿਗੜ ਗਈ ਤਾਂ ਉਸ ਨੂੰ ਵਾਪਸ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਆਂਦਾ ਗਿਆ।
ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ 43 ਸਾਲਾ ਨਰਿੰਦਰਪਾਲ ਨੂੰ ਮ੍ਰਿਤਕ ਐਲਾਨ ਦਿੱਤਾ। ਦਿਲ ਦਾ ਦੌਰਾ ਪੈਣ ਕਾਰਨ ਨਰਿੰਦਰਪਾਲ ਦੀ ਮੌਤ ਹੋ ਗਈ। ਨਰਿੰਦਰਪਾਲ ਦੀ ਲਾਸ਼ ਲੈਣ ਪਹੁੰਚੇ ਸੋਨੂੰ ਨੇ ਦੱਸਿਆ ਕਿ ਕਿਸਾਨ ਯੂਨੀਅਨ ਦੇ ਆਗੂ ਪਹੁੰਚ ਰਹੇ ਹਨ, ਜਿਨ੍ਹਾਂ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਨਰਿੰਦਰਪਾਲ ਪਟਿਆਲਾ ਨੇੜਲੇ ਪਿੰਡ ਬਠੋਈ ਦਾ ਰਹਿਣ ਵਾਲਾ ਸੀ, ਜਿਸ ਕੋਲ ਪੰਜ ਕਿੱਲੇ ਜ਼ਮੀਨ ਸੀ। ਪਰਿਵਾਰ ਵਿੱਚ ਉਸ ਦੇ ਤਿੰਨ ਬੱਚੇ ਹਨ, ਦੋ ਧੀਆਂ ਅਤੇ ਇੱਕ ਪੁੱਤਰ ਹੈ। ਵੱਡੀ ਧੀ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਜਦਕਿ ਛੋਟੀ ਧੀ ਦੀ ਉਮਰ ਵੀਹ ਸਾਲ ਹੈ ਜਦਕਿ ਪੁੱਤਰ 17 ਸਾਲ ਦਾ ਹੈ। ਇਹ ਦੋਵੇਂ ਬੱਚੇ ਇਸ ਸਮੇਂ ਪੜ੍ਹਾਈ ਕਰ ਰਹੇ ਹਨ।
ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦੇ ਬਾਹਰ ਧਰਨਾ ਦਿੱਤਾ ਗਿਆ, ਜਿੱਥੇ ਨਰਿੰਦਰ ਪਾਲ 2 ਦਿਨਾਂ ਤੋਂ ਧਰਨੇ ‘ਤੇ ਬੈਠੇ ਸਨ। ਐਤਵਾਰ ਰਾਤ ਕਰੀਬ 9 ਵਜੇ ਉਸਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਉਸਦੀ ਤਬੀਅਤ ਠੀਕ ਨਹੀਂ ਹੈ ਅਤੇ ਇਸ ਲਈ ਉਹ ਘਰ ਜਾ ਰਿਹਾ ਹੈ। ਜਿਸ ਤੋਂ ਬਾਅਦ ਉਸਦੇ ਦੋਸਤ ਨਰਿੰਦਰਪਾਲ ਨੂੰ ਘਰ ਛੱਡਣ ਜਾ ਰਹੇ ਸਨ ਪਰ ਰਸਤੇ ਵਿੱਚ ਉਲਟੀਆਂ ਆਉਣ ਕਾਰਨ ਨਰਿੰਦਰਪਾਲ ਨੂੰ ਪਟਿਆਲਾ ਰਜਿੰਦਰਾ ਹਸਪਤਾਲ ਲਿਜਾਣਾ ਪਿਆ।