ਦੁਬਈ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਪੰਜ ਸਾਲ ਪਹਿਲਾ ਰੋਜ਼ੀ-ਰੋਟੀ ਲਈ ਦੁਬਈ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨਵਜੋਤ ਸਿੰਘ ਪਿੰਡ ਸ਼ਾਲਾਪੁਰ ਬੇਟ ਦਾ ਰਹਿਣ ਵਾਲਾ ਸੀ। ਜਿਸ ਦੀ ਕੈਂਸਰ ਕਾਰਨ ਮੌਤ ਹੋ ਗਈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਦੀਆਂ ਆਰਥਿਕ ਤੰਗੀਆਂ ਨੂੰ ਦੂਰ ਕਰਨ ਲਈ ਨਵਜੋਤ ਰੁਪਏ ਉਧਾਰ ਫੜ ਕੇ ਦੁਬਈ ਗਿਆ ਸੀ। ਨਵਜੋਤ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਦੋ ਛੋਟੇ ਬੱਚੇ ਹਨ। ਉਸ ਦਾ ਪਤੀ ਜਿਸ ਕੰਪਨੀ ਵਿੱਚ ਕੰਮ ਕਰਦਾ ਸੀ ਉਹ ਕੰਪਨੀ ਉਸ ਨੂੰ ਸਮੇਂ ਸਿਰ ਤਨਖਾਹ ਨਹੀਂ ਦਿੰਦੀ ਸੀ। ਜਿਸ ਕਾਰਨ ਪਿੱਛੇ ਘਰ ਦਾ ਗੁਜ਼ਾਰਾ ਔਖਾ ਹੀ ਚਲਦਾ ਸੀ।
ਇਸੇ ਲਈ ਨਵਜੋਤ ਨੇ ਕੰਪਨੀ ਤੋਂ ਵੱਖ ਹੋ ਕੇ ਬਾਹਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਦੁਬਈ ਵਿੱਚ ਵੀਜ਼ੇ ਦੀ ਮਿਆਦ ਵੀ ਲੰਘ ਗਈ ਸੀ ਫਿਰ ਵੀ ਨਵਜੋਤ ਕੰਮ ਉੱਤੇ ਡਟਿਆ ਰਿਹਾ। ਇਸੇ ਦੌਰਾਨ ਉਹ ਕੈਂਸਰ ਤੋਂ ਪੀੜਤ ਹੋ ਗਿਆ। ਬਿਮਾਰੀ ਕਾਰਨ ਨਵਜੋਤ ਕੰਮ ਵੀ ਨਹੀਂ ਕਰ ਸਕਦਾ ਸੀ। ਅਚਾਨਕ ਨਵਜੋਤ ਦੇ ਕੁਕਝ ਦੋਸਤਾਂ ਨੇ ਫੋਨ ਤੇ ਦੱਸਿਆ ਕਿ ਕੈਂਸਰ ਕਾਰਨ ਨਵਜੋਤ ਦੀ ਮੌਤ ਹੋ ਗਈ ਹੈ।