ਨਵੀਂ ਦਿੱਲੀ, 25 ਫਰਵਰੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਖਤਮ ਹੋਣ ਬਾਅਦ ਐਤਕੀਂ 3 ਸਾਲਾਂ ਬਾਅਦ ਦਿੱਲੀ ਫਤਿਹ ਦਿਵਸ ਲਾਲ ਕਿਲ੍ਹੇ ’ਤੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ।
ਇਥੇ ਜਾਰੀ ਕੀਤੇ ਬਿਆਨ ਵਿਚ ਕਾਲਕਾ ਤੇ ਕਾਹਲੋਂ ਨੇ ਦੱਸਿਆ ਕਿ ਦਿੱਲੀ ਫਤਿਹ ਦਿਵਸ ਮਨਾਉਣ ਸਬੰਧੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਨਾਲ ਇਕ ਲੰਬੀ ਮੀਟਿੰਗ ਹੋਈ ਹੈ ਜਿਸ ਵਿਚ ਚਾਰ ਰੋਜ਼ਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਪ੍ਰੋਗਰਾਮ ਦਿੱਲੀ ਫਤਿਹ ਕਰਨ ਵਾਲੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਬਘੇਲ ਸਿੰਘ ਵੱਲੋਂ ਦਿੱਲੀ ਫਤਿਹ ਕਰਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਵਾਰ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦਾ 300 ਸਾਲਾ ਜਨਮ ਸ਼ਤਾਬਦੀ ਹੈ ਅਤੇ ਨਾਲ ਹੀ ਅਕਾਲੀ ਫੂਲਾ ਸਿੰਘ ਜੀ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਜੀ ਦਾ 200ਵਾਂ ਸ਼ਹੀਦੀ ਦਿਹਾੜਾ ਹੈ, ਇਸ ਲਈ ਇਹ ਪ੍ਰੋਗਰਾਮ ਉਹਨਾਂ ਨੂੰ ਸਮਰਪਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਨਿਹੰਗ ਸਿੰਘਾਂ ਦੇ ਜੱਥਿਆਂ ਤੋਂ ਇਲਾਵਾ ਵੱਖ-ਵੱਖ ਸੰਪਰਦਾਵਾਂ ਦੇ ਮੁਖੀ ਤੇ ਪ੍ਰਤੀਨਿਧ ਵੀ ਸ਼ਾਮਲ ਹੋਣਗੇ।
ਉਹਨਾਂ ਦੱਸਿਆ ਕਿ ਪਹਿਲੇ ਦਿਨ 6 ਅਪ੍ਰੈਲ ਨੂੰ ਅੰਮ੍ਰਿਤਸਰ ਸਾਹਿਬ ਵਿਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਰਾਮਗੜ੍ਹੀਆ ਬੁੰਗੇ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚੋਂ ਹੁੰਦਾ ਹੋਇਆ 7 ਤਾਰੀਕ ਨੂੰ ਰਾਤ ਨੂੰ ਦਿੱਲੀ ਪਹੁੰਚੇਗਾ। ਉਹਨਾਂ ਦੱਸਿਆ ਕਿ ਦਿੱਲੀ ਪਹੁੰਚਣ ’ਤੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਅਗਲੇ ਦਿਨ 8 ਅਪ੍ਰੈਲ ਨੂੰ ਲਾਲ ਕਿਲ੍ਹੇ ’ਤੇ ਵੱਡਾ ਸਮਾਗਮ ਹੋਵੇਗਾ। ਇਸ ਤੋਂ ਅਗਲੇ ਅਤੇ ਪ੍ਰੋਗਰਾਮ ਦੇ ਅਖੀਰਲੇ ਦਿਨ 9 ਅਪ੍ਰੈਲ ਨੂੰ ਖਾਲਸਾਈ ਮਾਰਚ ਸਜਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਗੁਰੂ ਸਾਹਿਬ ਦੇ ਪੁਰਾਤਨ ਸਸ਼ਤਰਾਂ ਦੇ ਦਰਸ਼ਨ ਵੀ ਸੰਗਤਾਂ ਨੂੰ ਕਰਵਾਏ ਜਾਣਗੇ ਤੇ ਨਗਰ ਕੀਰਤਨ ਵਿਚ ਨਿਹੰਗ ਸਿੰਘਾਂ ਸਮੇਤ ਵੱਖ-ਵੱਖ ਗੱਤਕਾ ਪਾਰਟੀਆਂ ਤੇ ਹੋਰ ਟੀਮਾਂ ਭਾਗ ਲੈਣਗੀਆਂ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਹ ਚਾਰ ਦਿਨ ਪ੍ਰੋਗਰਾਮਾਂ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ।