ਚੰਡੀਗੜ੍ਹ, 18 ਨਵੰਬਰ 2022 – ਕੋਟਕਪੂਰਾ ‘ਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੂੰ ਕਈ ਹੋਰ ਡੇਰਾ ਪ੍ਰੇਮੀਆਂ ਦੀ ਜਾਨ ਨੂੰ ਖਤਰੇ ਦੇ ਇਨਪੁਟਸ ਮਿਲੇ ਹਨ। ਮਾਮਲੇ ਦੀ ਗੰਭੀਰਤਾ ਨੂੰ ਭਾਂਪਦਿਆਂ ਪੁਲਿਸ ਵਿਭਾਗ ਨੇ ਤੁਰੰਤ ਕਈ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਵਧਾ ਦਿੱਤੀ ਹੈ। ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਮਜ਼ਬੂਤ ਕਰਨ ਦੇ ਨਾਲ-ਨਾਲ ਫ਼ਰੀਦਕੋਟ ਦੇ ਇੱਕ ਡੇਰਾ ਪ੍ਰੇਮੀ ਦੇ ਘਰ ਦੇ ਬਾਹਰ ਵੀ ਪੁਲਿਸ ਤਾਇਨਾਤ ਕੀਤੀ ਗਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੂੰ ਇੰਟੈਲੀਜੈਂਸ ਤੋਂ ਕੁਝ ਅਹਿਮ ਇਨਪੁਟ ਮਿਲੇ ਹਨ। ਪੁਲਿਸ ਨੇ ਆਪਣੀ ਰਣਨੀਤੀ ਬਦਲਦੇ ਹੋਏ ਡੇਰਾ ਪ੍ਰੇਮੀਆਂ ਨੂੰ ਮਿਲਣ ਆਉਣ ਵਾਲੇ ਲੋਕਾਂ ‘ਤੇ ਵੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਪੁਲਿਸ ਵੱਲੋਂ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਸਮੇਤ ਜ਼ਮਾਨਤ ‘ਤੇ ਰਿਹਾਅ ਹੋਏ ਜਾਂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਹੇ ਅਪਰਾਧਿਕ ਕਿਸਮ ਦੇ ਲੋਕਾਂ ਦਾ ਰਿਕਾਰਡ ਇਕੱਠਾ ਕੀਤਾ ਗਿਆ ਹੈ।
ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਤਲ ਕੇਸ ਵਿੱਚ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਜਿਤੇਂਦਰ ਜੀਤੂ ਸਣੇ ਤਿੰਨ ਸ਼ੂਟਰਾਂ ਨੂੰ ਪਟਿਆਲਾ ਦੇ ਬਖਸ਼ੀਖਾਨਾ ਤੋਂ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਰੋਹਤਕ ਅਤੇ ਹਰਿਆਣਾ ਦੇ ਭਿਵਾਨੀ ਦੇ ਦੋ ਨਾਬਾਲਗ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 17 ਨਵੰਬਰ ਨੂੰ ਪੰਜਾਬ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਦੋ ਸ਼ੂਟਰਾਂ ਮਨਪ੍ਰੀਤ ਉਰਫ਼ ਮਨੀ ਅਤੇ ਭੁਪਿੰਦਰ ਉਰਫ਼ ਗੋਲਡੀ ਨੂੰ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਤੋਂ ਇਲਾਵਾ ਗੋਲੀਬਾਰੀ ਕਰਨ ਵਾਲਿਆਂ ਨੂੰ ਰਿਹਾਇਸ਼ ਅਤੇ ਹੋਰ ਕਈ ਤਰ੍ਹਾਂ ਦੀ ਮਦਦ ਦੇਣ ਦੇ ਦੋਸ਼ੀ ਬਠਿੰਡਾ ‘ਚ ਤਾਇਨਾਤ ਸਬ-ਇੰਸਪੈਕਟਰ ਦੇ ਪੁੱਤਰ ਬਲਜੀਤ ਮੰਨਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਕਈ ਹੋਰ ਹਿੰਦੂ ਆਗੂਆਂ ਨੂੰ ਵੀ ਵਿਦੇਸ਼ੀ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਪੰਜਾਬ ਪੁਲਿਸ ਨੇ ਇਸ ਸਬੰਧੀ ਕੇਸ ਵੀ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਹਿੰਦੂ ਨੇਤਾਵਾਂ ਅਤੇ ਹੋਰਨਾਂ ਦੀ ਸੁਰੱਖਿਆ ਲਈ ਬੁਲੇਟ ਪਰੂਫ ਜੈਕਟਾਂ ਮੁਹੱਈਆ ਕਰਵਾਈਆਂ ਗਈਆਂ ਹਨ।












