ਐਸ.ਏ.ਐਸ. ਨਗਰ 12 ਦਸੰਬਰ: ਜ਼ਿਲਾ ਐਸ.ਏ.ਐਸ. ਨਗਰ ਵਿਖੇ ਕਾਨੂੰਨ ਤੇ ਵਿਵਸਥਾ, ਨਸ਼ਿਆਂ ਦੇ ਮੁੱਦੇ ਤੇ ਗੁਰਪ੍ਰੀਤ ਸਿੰਘ ਭੁੱਲਰ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਰੂਪਨਗਰ ਰੇਂਜ ਅਤੇ ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਵੱਲੋਂ ਜ਼ਿਲ੍ਹੇ ਦੇ ਸਮੂਹ ਗਜਟਿਡ ਅਫਸਰਾਂ, ਮੁੱਖ ਅਫਸਰ ਥਾਣਾ ਅਤੇ ਯੂਨਿਟ ਇੰਚਾਰਜਾਂ ਨਾਲ ਜਨਰਲ ਕਰਾਇਮ/ਲਾਅ ਆਰਡਰ ਦੀ ਸਮੀਖਿਆ ਸਬੰਧੀ ਮੀਟਿੰਗ ਕੀਤੀ ਗਈ।
ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਦੱਸਿਆ ਗਿਆ ਕਿ ਮੀਟਿੰਗ ਦਾ ਮਨੋਰਥ ਜ਼ਿਲ੍ਹੇ ਵਿੱਚ ਅਣਸੁਲਝੇ ਜ਼ੁਰਮਾਂ, ਨਸ਼ਿਆਂ ਤੇ ਗੈਂਗਸਟਰਵਾਦ ਦੇ ਮੁੱਦੇ ਤੇ ਪੁਲਿਸ ਦੇ ਵੱਖ ਵੱਖ ਯੂਨਿਟਾਂ ਵੱਲੋਂ ਕੀਤੀ ਗਈ ਕਾਰਵਾਈ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਸਮੂਹ ਪੁਲਿਸ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਗਏ ਕਿ ਜ਼ਿਲ੍ਹੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਸਬੰਧੀ, ਜਿਲਾ ਵਿੱਚ ਪੈਂਦੀਆਂ ਸਰਕਾਰੀ ਬਿਲਡਿੰਗਾਂ ਦੀ ਸੁਰੱਖਿਆ, ਪਬਲਿਕ ਦੀ ਸਮੇਂ ਸਿਰ ਸੁਣਵਾਈ, ਆਮ ਪਬਲਿਕ ਨੂੰ ਕੁਰੱਪਸ਼ਨ ਰਹਿਤ ਸੇਵਾਵਾ ਦੇਣਾ, ਜ਼ੇਰੇ ਤਫਤੀਸ਼ ਮੁਕੱਦਮਿਆਂ ਅਤੇ ਲੰਬਿਤ ਦਰਖਾਸਤਾਂ ਦਾ ਸਮੇਂ ਸਿਰ ਨਿਪਟਾਰਾ ਕਰਨ, ਨਸ਼ੇ ਦੇ ਮਾੜੇ ਪ੍ਰਭਾਵ ਤੋਂ ਜਾਣੂੰ ਕਰਵਾਉਣ ਲਈ ਪਬਲਿਕ ਮੀਟਿੰਗਾਂ ਕਰਨ, ਪ੍ਰਭਾਵਸ਼ਾਲੀ ਢੰਗ ਨਾਲ ਨਾਕਾਬੰਦੀ/ਗਸ਼ਤਾਂ ਕਰਕੇ ਚੈਕਿੰਗ ਆਦਿ ਕੀਤੇ ਜਾਣ ਸਬੰਧੀ ਵਿਸ਼ੇਸ਼ ਹਦਾਇਤ ਕੀਤੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਇਹ ਦੱਸਿਆ ਗਿਆ ਕਿ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਹਰ ਪੰਦਰਾਂ ਦਿਨ ਮਗਰੋਂ ਕੀਤੀ ਜਾਵੇਗੀ ਜਿਸ ਕਾਰਨ ਉਨ੍ਹਾਂ ਨੂੰ ਇਹ ਹਦਾਇਤ ਕੀਤੀ ਗਈ ਕਿ ਉਹ ਆਪਣੇ ਖੇਤਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਿੱਜਠਣ ਅਤੇ ਜ਼ੁਰਮਾਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਪੁਲਿਸ ਕਾਰਵਾਈ ਕਰਨ। ਇਸ ਦੇ ਨਾਲ ਹੀ ਪੁਲਿਸ ਨੂੰ ਰਾਤ ਸਮੇਂ ਗਸ਼ਤ ਤੇ ਪੈਟਰੋਲਿੰਗ ਵਧਾਉਣ ਦੀ ਹਦਾਇਤ ਕੀਤੀ ਗਈ। ਡੀ.ਆਈ.ਜੀ. ਵੱਲੋਂ ਆਮ ਪਬਲਿਕ ਨੂੰ ਵੀ ਇਹ ਅਪੀਲ ਕੀਤੀ ਗਈ ਕਿ ਜੇਕਰ ਉਨ੍ਹਾਂ ਦੇ ਆਲੇ-ਦੁਆਲੇ ਇਲਾਕਾ ਵਿੱਚ ਕੋਈ ਸ਼ੱਕੀ ਵਿਅਕਤੀ ਰਹਿ ਰਿਹਾ ਹੋਵੇ, ਕੋਈ ਸ਼ੱਕੀ ਵਹਿਕਲ ਖੜਾ ਹੋਵੇ ਜਾਂ ਕੋਈ ਨਸ਼ੇ ਆਦਿ ਦਾ ਧੰਦਾ ਕਰਦਾ ਹੋਵੇ ਤਾਂ ਉਸ ਸਬੰਧੀ ਸੂਚਨਾ ਤੁਰੰਤ ਪੁਲਿਸ ਹੈਲਪ ਲਾਈਨ 112 ਜਾਂ 181 ਪਰ ਦਿੱਤੀ ਜਾਵੇ।ਸੂਚਨਾ ਦੇਣ ਵਾਲੇ ਦਾ ਨਾਮ-ਪਤਾ ਗੁਪਤ ਰੱਖਿਆ ਜਾਵੇਗਾ।