ਲੁਧਿਆਣਾ, 26 ਮਈ 2022 – ਪੰਜਾਬ ਦੇ ਲੁਧਿਆਣਾ ਦੇ ਜੀਟੀਬੀ ਨਗਰ ‘ਚ ਬੁੱਧਵਾਰ ਨੂੰ ਹੋਏ ਬਜ਼ੁਰਗ ਜੋੜੇ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਬਜ਼ੁਰਗ ਜੋੜੇ ਦਾ ਉਨ੍ਹਾਂ ਦੇ ਕਰੀਬੀਆਂ ਨੇ ਕਤਲ ਕਰਾਇਆ ਸੀ। ਇੱਕ ਨਜ਼ਦੀਕੀ ਰਿਸ਼ਤੇਦਾਰ ਨੇ ਹੀ ਜੋੜੇ ਨੂੰ ਮਾਰਨ ਲਈ ਸੁਪਾਰੀ ਦਿੱਤੀ ਸੀ।
ਇਹ ਘਟਨਾ ਲੁਧਿਆਣਾ ਦੇ ਜਮਾਲਪੁਰ ਸਥਿਤ ਗੁਰੂ ਤੇਗ ਬਹਾਦਰ ਨਗਰ (ਜੀਟੀਬੀ ਨਗਰ) ਦੀ ਹੈ। ਮ੍ਰਿਤਕਾਂ ਦੀ ਪਛਾਣ ਭੁਪਿੰਦਰ ਸਿੰਘ ਅਤੇ ਉਸ ਦੀ ਪਤਨੀ ਸੁਸ਼ਪਿੰਦਰ ਕੌਰ ਵਜੋਂ ਹੋਈ ਸੀ। ਭੁਪਿੰਦਰ ਸਿੰਘ ਸਕੂਲ ਵੀ ਚਲਾਉਂਦਾ ਸੀ। ਘਟਨਾ ਦੇ ਸਮੇਂ ਭੁਪਿੰਦਰ ਸਿੰਘ ਦਾ ਪੁੱਤ ਮਨੀ ਗਰੇਵਾਲ ਆਪਣੇ ਪਰਿਵਾਰ ਨਾਲ ਘਰ ਦੀ ਹੇਠਲੀ ਮੰਜ਼ਿਲ ‘ਤੇ ਸੌਂ ਰਿਹਾ ਸੀ।
ਭੁਪਿੰਦਰ ਸਿੰਘ ਅਤੇ ਉਸ ਦੀ ਪਤਨੀ ਸੁਸ਼ਪਿੰਦਰ ਕੌਰ ਦੇ ਕਤਲ ਦਾ ਖੁਲਾਸਾ ਬੁੱਧਵਾਰ ਸਵੇਰੇ ਹੋਇਆ। ਦੋਵਾਂ ਦੀਆਂ ਲਾਸ਼ਾਂ ਤੀਜੀ ਮੰਜ਼ਿਲ ‘ਤੇ ਪਈਆਂ ਮਿਲੀਆਂ ਸੀ। ਪੁਲੀਸ ਅਨੁਸਾਰ ਕਮਰੇ ਦੀਆਂ ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ ਅਤੇ ਸਾਮਾਨ ਖਿਲਰਿਆ ਪਿਆ ਸੀ। ਇਸ ਦੌਰਾਨ ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ ਮਿਲੀ ਸੀ, ਜਿਸ ਵਿੱਚ ਤਿੰਨ ਸ਼ੱਕੀ ਨਜ਼ਰ ਆ ਰਹੇ ਹਨ। ਪੁਲੀਸ ਨੇ ਇਹ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ।
ਪੁਲੀਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ। ਪੁਲਿਸ ਨੇ 24 ਘੰਟਿਆਂ ਵਿੱਚ ਮਾਮਲਾ ਸੁਲਝਾ ਲਿਆ ਹੈ। ਸੂਤਰਾਂ ਅਨੁਸਾਰ ਸੁਪਾਰੀ ਦੇਣ ਵਾਲੇ ਬਜ਼ੁਰਗ ਜੋੜੇ ਦੇ ਕਰੀਬੀ ਰਿਸ਼ਤੇਦਾਰ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਰਿਸ਼ਤੇਦਾਰ ਦੀ ਮਦਦ ਨਾਲ ਘਰ ‘ਚ ਦਾਖਲ ਹੋਏ ਸੀ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਆਸਾਨੀ ਨਾਲ ਫ਼ਰਾਰ ਹੋ ਗਏ। ਕਾਬੂ ਕੀਤੇ ਗਏ ਮੁਲਜ਼ਮਾਂ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ। ਪੁਲਿਸ ਅੱਜ ਦੁਪਹਿਰ ਤੱਕ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ ਦਾ ਖੁਲਾਸਾ ਕਰੇਗੀ।












