ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਦੀ ਚੋਣ 18 ਜਨਵਰੀ ਨੂੰ ਹੋਵੇਗੀ। ਡੀਸੀ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਮੇਅਰ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਸਵੇਰੇ 11 ਵਜੇ ਵੋਟਿੰਗ ਸ਼ੁਰੂ ਹੋਵੇਗੀ। ਇਸ ਦੇ ਲਈ 13 ਜਨਵਰੀ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਨਾਮਜ਼ਦਗੀ ਕੀਤੀ ਜਾ ਸਕਦੀ ਹੈ।


ਦੱਸ ਦਈਏ ਕਿ ਮੇਅਰ ਚੋਣਾਂ ਤੋਂ ਪਹਿਲਾਂ ਇੱਥੇ ਸਿਆਸੀ ਉਥਲ-ਪੁਥਲ ਮਚ ਗਈ ਹੈ। ਕੌਂਸਲਰ ਲਖਬੀਰ ਸਿੰਘ ਬਿੱਲੂ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਹ ਨਗਰ ਨਿਗਮ ਦੇ ਵਾਰਡ ਨੰਬਰ 31 ਤੋਂ ਕੌਂਸਲਰ ਹਨ। ਬਿੱਲੂ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਸੰਸਦ ਮੈਂਬਰ ਕਿਰਨ ਖੇਰ, ਸਾਬਕਾ ਪ੍ਰਧਾਨ ਸੰਜੇ ਟੰਡਨ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ।
‘ਆਪ’ ਕੌਂਸਲਰ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਹੁਣ ਨਿਗਮ ‘ਚ ਭਾਜਪਾ ਦੀਆਂ ਕੁੱਲ 16 ਵੋਟਾਂ ਹੋ ਗਈਆਂ ਹਨ। ਇਨ੍ਹਾਂ ਵਿੱਚ ਸੰਸਦ ਮੈਂਬਰ ਕਿਰਨ ਖੇਰ ਦੀ ਵੋਟ ਵੀ ਸ਼ਾਮਲ ਹੈ। ‘ਆਪ’ ਕੋਲ 12 ਜਦਕਿ ਕਾਂਗਰਸ ਕੋਲ 7 ਵੋਟਾਂ ਹਨ। ਅਜਿਹੇ ‘ਚ ਕੁਝ ਦਿਨਾਂ ‘ਚ ਹੋਣ ਵਾਲੀਆਂ ਚੋਣਾਂ ‘ਚ ਭਾਜਪਾ ਦੇ ਇਕ ਵਾਰ ਫਿਰ ਤੋਂ ਮੇਅਰ ਬਣਨ ਦੀ ਪੂਰੀ ਸੰਭਾਵਨਾ ਹੈ। ਇਸ ਸਮੇਂ ਭਾਜਪਾ ਦੇ ਅਨੂਪ ਗੁਪਤਾ ਮੇਅਰ ਹਨ।












