ਚੰਡੀਗੜ੍ਹ, 21 ਮਈ 2022 – ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਤਰਨਤਾਰਨ ਦੀ ਗਰੀਬ ਔਰਤ ਦੇ ਘਰ ਦਾ ਬਿਜਲੀ ਕੁਨੈਕਸ਼ਨ ਬਹਾਲ ਕਰ ਦਿੱਤਾ ਗਿਆ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਇਸ ਗੱਲ ਦਾ ਪਤਾ ਲੱਗਣ ‘ਤੇ 20 ਮਈ ਨੂੰ ਇਸ ਸੰਬੰਦੀ ਹੁਕਮ ਜਾਰੀ ਕੀਤੇ।
ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਤਰਨਤਾਰਨ ਦੀ ਗਰੀਬ ਔਰਤ ਜੋ ਪਿਛਲੇ ਦਿਨੀਂ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਅਤੇ ਉਸ ਦੇ ਚੂਲੇ ‘ਤੇ ਸੱਟ ਲੱਗੀ ਹੋਈ ਹੈ, ਜੋ ਕਿ ਤੁਰਨ ਤੇ ਕੰਮ ਕਰਨ ‘ਚ ਅਸਮਰੱਥ ਹੈ ਦੇ ਘਰ ਦਾ ਬਿਜਲੀ ਕੁਨੈਕਸ਼ਨ ਬਹਾਲ ਕਰ ਦਿੱਤਾ ਗਿਆ ਹੈ।
ਬਿਜਲੀ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਮੰਤਰੀ ਨੂੰ ਇਕ ਵੀਡੀਓ ਰਾਹੀਂ ਪਤਾ ਲੱਗਿਆ ਸੀ ਕਿ ਜੰਡੋ ਕੇ ਸਰਹਾਲੀ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ ਦੀ ਵਸਨੀਕ ਸਵਰਨਜੀਤ ਕੌਰ ਪਤਨੀ ਦਿਲਬਾਗ ਸਿੰਘ ਆਪਣੇ ਤਿੰਨ ਛੋਟੇ ਬੱਚਿਆਂ ਨਾਲ ਗਰਮੀ ਦੇ ਮੌਸਮ ‘ਚ ਬਿਨਾਂ ਬਿਜਲੀ/ਪੱਖੇ ਤੋਂ ਰਹਿ ਰਹੀ ਹੈ।
ਜਿਸ ਤੋਂ ਬਾਅਦ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਨਿਗਰਾਨ ਇੰਜੀਨੀਅਰ, ਤਰਨ ਤਾਰਨ ਨੂੰ ਸਬੰਧਤ ਔਰਤ ਦੇ ਘਰ ਬਿਜਲੀ ਦਾ ਪ੍ਰਬੰਧ ਕਰਨ ਲਈ ਕਿਹਾ ਸੀ ਅਤੇ ਉਸ ਔਰਤ ਦੇ ਘਰ ਬਿਜਲੀ ਦਾ ਪ੍ਰਬੰਧ ਕਰਕੇ ਉਸ ਨੂੰ ਗਰਮੀ ਦੇ ਮੌਸਮ ‘ਚ ਕੁਝ ਰਾਹਤ ਦੇਣ ਲਈ ਕਿਹਾ ਸੀ। ਨਾਲ ਹੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੰਦਿਆਂ ਕਿਹਾ ਹੈ ਕਿ ਸੂਬੇ ਵਿੱਚ ਅਜਿਹੇ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਬਿਜਲੀ ਬਹਾਲ ਕਰਨ ਦੇ ਮਾਮਲਿਆਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਮਦਦ ਕੀਤੀ ਜਾਵੇ।











