ਕਪੂਰਥਲਾ : ਪਹਾੜੀ ਇਲਾਕਿਆਂ ਵਿੱਚ ਹੋਈ ਬਰਫਬਾਰੀ ਤੇ ਕਈ ਸੂਬਿਆਂ ‘ਚ ਪਏ ਮੀਹ ਤੋਂ ਬਾਅਦ ਠੰਡ ਨੇ ਜੋਰ ਫੜ ਲਿਆ ਹੈ। ਹੱਡ ਚੀਰਵੀ ਸੀਤ ਲਹਿਰ ਕਾਰਨ ਜਿੱਥੇ ਲੋਕ ਠੰਡ ਤੋਂ ਬਚਨ ਲਈ ਅਪਣੇ ਘਰਾਂ ‘ਚ ਦੁੱਬਕੇ ਬੈਠਣ ਲਈ ਮਜਬੂਰ ਹਨ। ਅੱਜ ਸਵੇਰੇ ਹਲਕੀ ਧੁੰਦ ਦੀ ਚਾਦਰ ਨੇ ਕਈ ਲੋਕਾਂ ਨੂੰ ਆਪਣੀ ਬੁੱਕਲ ਵਿੱਚ ਘੇਰ ਲਿਆ ਜਿਸ ਕਰਕੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਧੁੰਦ ਕਾਰਨ ਸੜਕਾਂ ‘ਤੇ ਵਿਜੀਵਿਲਿਟੀ ਘੱਟ ਹੋਣ ਕਾਰਨ ਵਾਹਨ ਚਾਲਕਾਂ ਨੂੰ ਅਪਣੇ ਵਾਹਨਾਂ ਦੀਆਂ ਹੈੱਡ ਲਾਇਟਾਂ ਚਲਾ ਕੇ ਸਫਰ ਕਰਦੇ ਦੇਖਿਆ ਗਿਆ।ਨੌਂ ਵਜੇ ਜਿਵੇਂ ਹੀ ਸੂਰਜ ਦੇਵਤਾ ਬੱਦਲਾਂ ਤੋਂ ਬਾਹਰ ਆਏ ਤਾਂ ਧੁੰਦ ਦਾ ਕਹਿਰ ਘੱਟ ਹੋਇਆ। ਲੋਕ ਜ਼ਿਆਦਾਤਰ ਦਫ਼ਤਰਾਂ ‘ਚ ਦੇਰੀ ਨਾਲ ਪੁੱਜੇ।

ਬੁੱਧਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 19 ਤੇ ਘੱਟ ਤੋਂ ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਖੇਤੀਬਾੜੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਸਤਬੀਰ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਧੁੰਦ ਕਣਕ ਤੇ ਸਬਜ਼ੀ ਦੀ ਫਸਲ ਲਈ ਫਾਇਦੇਮੰਦ ਹੈ। ਬਲਕਿ ਆਲੂ ਦੀ ਫ਼ਸਲ ਲਈ ਨੁਕਸਾਨਦਾਇਕ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਧੁੰਦ ਤੇ ਤੇਜ਼ ਹਵਾਵਾਂ ਚੱਲਣ ਦੇ ਆਸਾਰ ਵੀ ਬਣੇ ਹੋਏ ਹਨ। ਠੰਢ ਦਾ ਅਸਰ ਲੋਕਾਂ ਦੀ ਸਿਹਤ ‘ਤੇ ਵੀ ਪੈ ਰਿਹਾ ਹੈ। ਸਰਕਾਰੀ ਤੇ ਨਿੱਜੀ ਹਸਪਤਾਲਾਂ ਦੀ ਓਪੀਡੀ ‘ਚ ਮਰੀਜ਼ਾਂ ਦੀ ਗਿਣਤੀ ਵੱਧਣ ਲੱਗੀ ਹੈ। ਕੋਹਰੇ ਤੇ ਠੰਢ ਕਾਰਨ ਲੋਕ ਗਲੇ ਦਾ ਦਰਦ, ਖੰਘ, ਜੁਕਾਮ, ਸਿਰਦਰਦ ਸਮੇਤ ਕਈ ਬਿਮਾਰੀਆਂ ਦੀ ਲਪੇਟ ‘ਚ ਆ ਰਹੇ ਹਨ।