ਚੰਡੀਗੜ੍ਹ, 6 ਸਤੰਬਰ 2022 – ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਅੱਜ ਜੇਲ੍ਹ ਤੋਂ ਰਿਹਾਅ ਹੋਣਗੇ। ਇਸ ਸਮੇਂ ਉਹ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਨਾਭਾ ਜੇਲ੍ਹ ਵਿੱਚ ਬੰਦ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੱਲ੍ਹ 5 ਸਤੰਬਰ ਨੂੰ ਧਰਮਸੋਤ ਨੂੰ ਜ਼ਮਾਨਤ ਦੇ ਦਿੱਤੀ ਸੀ। ਧਰਮਸੋਤ ਕਰੀਬ 3 ਮਹੀਨਿਆਂ ਤੋਂ ਜੇਲ੍ਹ ਵਿੱਚ ਹੈ। ਵਿਜੀਲੈਂਸ ਬਿਊਰੋ ਨੇ ਉਸ ਨੂੰ ਅਮਲੋਹ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ‘ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਚ ਮੰਤਰੀ ਰਹਿੰਦਿਆਂ ਕਰੋੜਾਂ ਦੇ ਜੰਗਲ ਘੁਟਾਲੇ ਦਾ ਦੋਸ਼ ਹੈ।
ਧਰਮਸੋਤ ਦੇ ਵਕੀਲ ਏਪੀਐਸ ਦਿਓਲ ਨੇ ਦੱਸਿਆ ਕਿ 2 ਦਿਨ ਜ਼ਮਾਨਤ ‘ਤੇ ਬਹਿਸ ਹੋਈ। ਉਨ੍ਹਾਂ ਕਿਹਾ ਕਿ ਅਦਾਲਤ ਵਿੱਚ ਇਸ ਨੂੰ ਸਿਆਸੀ ਬਦਲਾਖੋਰੀ ਕਿਹਾ ਗਿਆ। ਹਾਈ ਕੋਰਟ ਨੂੰ ਦੱਸਿਆ ਗਿਆ ਕਿ ਧਰਮਸੋਤ ਨੂੰ ਪਹਿਲਾਂ ਹੀ ਮੁਲਜ਼ਮ ਬਣਾਇਆ ਗਿਆ ਸੀ ਜਦੋਂਕਿ ਗ੍ਰਿਫ਼ਤਾਰੀ ਬਾਅਦ ਵਿੱਚ ਕੀਤੀ ਗਈ ਸੀ। ਜਿਸ ਠੇਕੇਦਾਰ ਅਤੇ ਉਸ ਦੀ ਡਾਇਰੀ ਨੂੰ ਸਬੂਤ ਬਣਾਇਆ ਗਿਆ, ਉਹ ਠੇਕੇਦਾਰ ਖੁਦ ਦੋਸ਼ੀ ਹੈ। ਠੇਕੇਦਾਰ ਨੂੰ ਗ੍ਰਿਫ਼ਤਾਰ ਕਰਕੇ ਡਾਇਰੀ ਬਣਾਈ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਮਿਟ ਹੋਲਡਰਾਂ ਨਾਲ ਕਮਿਸ਼ਨ ਦੀ ਗੱਲ ਹੋਈ ਸੀ, ਉਨ੍ਹਾਂ ਵਿੱਚੋਂ ਕੋਈ ਵੀ ਗਵਾਹੀ ਦੇਣ ਨਹੀਂ ਆਇਆ।
ਸਾਬਕਾ ਮੰਤਰੀ ਧਰਮਸੋਤ ‘ਤੇ ਜੰਗਲ ਘੁਟਾਲੇ ਦਾ ਦੋਸ਼ ਹੈ। ਧਰਮਸੋਤ ‘ਤੇ ਦੋਸ਼ ਹੈ ਕਿ ਉਸ ਨੇ ਦਰੱਖਤ ਕੱਟਣ ਲਈ 500 ਰੁਪਏ ਰਿਸ਼ਵਤ ਲਈ ਸੀ। ਜਿਸ ‘ਚ ਕਰੀਬ ਸਵਾ ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਖੁਲਾਸਾ ਹੋਇਆ ਹੈ। ਜਿਸ ਤੋਂ ਬਾਅਦ ਵਿਜੀਲੈਂਸ ਨੇ ਉਸ ਨੂੰ ਅਮਲੋਹ ਸਥਿਤ ਘਰ ਤੋਂ ਤੜਕੇ ਗ੍ਰਿਫਤਾਰ ਕਰ ਲਿਆ। ਉਦੋਂ ਤੋਂ ਉਹ ਜੇਲ੍ਹ ਵਿੱਚ ਹੈ।












