ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾਕਟਰ ਬਲਦੇਵ ਰਾਜ ਚਾਵਲਾ ਦਾ 86 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਚਾਵਲਾ ਨੂੰ ਪੀਲੀਆ ਸੀ। ਉਹ ਪਿਛਲੇ 4 ਦਿਨਾਂ ਤੋਂ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਉਨ੍ਹਾਂ ਨੇ ਆਪਣੇ ਜਨਮਦਿਨ ਵਾਲੇ ਦਿਨ ਹੀ ਸਵੇਰੇ 4 ਵਜੇ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ 5 ਵਜੇ ਅੰਮ੍ਰਿਤਸਰ ਵਿਖੇ ਕੀਤਾ ਜਾਵੇਗਾ।
ਦੱਸ ਦਈਏ ਕਿ ਬਲਦੇਵ ਰਾਜ ਚਾਵਲਾ ਦਾ ਜਨਮ 17 ਜਨਵਰੀ 1938 ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਕੀਤੀ ਸੀ। ਉਹ ਇੱਕ ਹਫ਼ਤਾ ਪਹਿਲਾਂ ਅੰਮ੍ਰਿਤਸਰ ਭਾਜਪਾ ਦਫ਼ਤਰ ਵਿੱਚ ਹੋਈ ਮੀਟਿੰਗ ਵਿੱਚ ਸ਼ਾਮਲ ਹੋਏ ਸਨ। ਉਹ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਵਿਚ ਵੀ ਸਰਗਰਮ ਸਨ।
2002 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਚਾਵਲਾ ਸਿਹਤ ਮੰਤਰੀ ਬਣੇ। ਉਸ ਤੋਂ ਬਾਅਦ 2012 ਤੋਂ 2017 ਤੱਕ ਬਲਦੇਵ ਰਾਜ ਚਾਵਲਾ ਵਾਟਰ ਸੀਵਰੇਜ ਅਤੇ ਸਪਲਾਈ ਬੋਰਡ ਦੇ ਚੇਅਰਮੈਨ ਰਹੇ।
ਇਸ ਤੋਂ ਇਲਾਵਾ ਉਹ ਪੰਜਾਬ ਵਿਧਾਨ ਸਭਾ ਵਿੱਚ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ। ਉਹ ਅੱਤਵਾਦ ਪੀੜਤ ਪਰਿਵਾਰ ਸਹਾਇਤਾ ਕਮੇਟੀ ਦੇ ਮੁਖੀ ਰਹੇ ਹਨ।
ਜ਼ਿਕਰਯੋਦਗ ਹੈ ਕਿ ਡਾ: ਚਾਵਲਾ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੇ ਘਰ ਵੱਡੀ ਗਿਣਤੀ ‘ਚ ਭਾਜਪਾ ਵਰਕਰ ਅਤੇ ਆਗੂ ਇਕੱਠੇ ਹੋ ਗਏ | ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਰਾਜ ਸਭਾ ਮੈਂਬਰ ਨਰੇਸ਼ ਬਾਂਸਲ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ, ਸੀਨੀਅਰ ਮੈਂਬਰ ਜਨਾਰਦਨ ਸ਼ਰਮਾ ਨੇ ਚਾਵਲਾ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।