ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ (ਮੰਗਲਵਾਰ) ਪੰਜਾਬ ਸਮਾਲ ਇੰਡਸਟਰੀਜ਼ ਐਂਡ ਕਾਰਪੋਰੇਸ਼ਨ (ਪੀਐਸਈਆਈਸੀ) ਦੇ ਉਪ ਮੰਡਲ ਇੰਜਨੀਅਰ ਸਾਵਤੇਜ ਨੂੰ ਸਨਅਤੀ ਪਲਾਟ ਅਲਾਟਮੈਂਟ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਦੋਸ਼ੀ ਸਿੱਧੇ ਮੋਹਾਲੀ ਦੀ ਅਦਾਲਤ ਪਹੁੰਚ ਗਿਆ ਸੀ, ਜਿੱਥੇ ਉਸ ਨੇ ਆਤਮ ਸਮਰਪਣ ਕਰ ਦਿੱਤਾ। ਇਸ ਦੌਰਾਨ ਵਿਜੀਲੈਂਸ ਨੇ ਮੁਲਜ਼ਮਾਂ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਵਿਜੀਲੈਂਸ ਨੂੰ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ ਹੈ।
ਇਸ ਘੁਟਾਲੇ ਸਬੰਧੀ ਵਿਜੀਲੈਂਸ ਬਿਊਰੋ ਵੱਲੋਂ 8 ਮਾਰਚ ਨੂੰ ਕੇਸ ਦਰਜ ਕੀਤਾ ਗਿਆ ਸੀ। ਇਹ ਮਾਮਲਾ ਵਿਜੀਲੈਂਸ ਬਿਊਰੋ ਮੁਹਾਲੀ ਦੇ ਫਲਾਇੰਗ ਸਕੁਐਡ ਵੱਲੋਂ ਦਰਜ ਕੀਤਾ ਗਿਆ ਸੀ। ਮੁਲਜ਼ਮ ਖ਼ਿਲਾਫ਼ ਧਾਰਾ 409, 420, 465, 467, 468, 471, 120-ਬੀ ਅਤੇ 13 (2) ਸਮੇਤ 13 (1)ਏ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਚਾਰ ਮਹੀਨਿਆਂ ਤੋਂ ਫਰਾਰ ਸੀ। ਵਿਜੀਲੈਂਸ ਦੀਆਂ ਟੀਮਾਂ ਕਾਫੀ ਸਮੇਂ ਤੋਂ ਉਸ ਦੀ ਭਾਲ ਕਰ ਰਹੀਆਂ ਸਨ। ਪਰ ਦੋਸ਼ੀ ਹਰ ਵਾਰ ਵਿਜੀਲੈਂਸ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ।
ਵਿਜੀਲੈਂਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਅਧਿਕਾਰੀ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਗੁਰਤੇਜ ਸਿੰਘ ਦੇ ਨਾਂ ‘ਤੇ ਮੈਸਰਜ਼ ਗੁਰਤੇਜ ਇੰਡਸਟਰੀਜ਼ ਨਾਂ ਦੀ ਫਰਜ਼ੀ ਫਰਮ ਬਣਾਈ ਸੀ। ਉਸ ਤੋਂ ਬਾਅਦ ਉਸ ਨੇ ਆਪਣੇ ਲੜਕੇ ਮਨਰੂਪ ਸਿੰਘ ਅਤੇ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚੋਂ ਪੈਸੇ ਪੀ.ਐਸ.ਆਈ.ਈ.ਸੀ. ਨੂੰ ਟਰਾਂਸਫਰ ਕਰਕੇ ਉਕਤ ਫਰਮ ਦੇ ਨਾਂ ਪਲਾਟ ਨੰਬਰ ਏ 394 ਇੰਡਸਟਰੀਅਲ ਫੋਕਲ ਪੁਆਇੰਟ, ਅੰਮ੍ਰਿਤਸਰ ਵਿਖੇ ਟਰਾਂਸਫਰ ਕਰ ਦਿੱਤੇ।












