ਹੁਸ਼ਿਆਰਪੁਰ ਦੇ ਹਲਕਾ ਗੜ੍ਹਦੀਵਾਲਾ ਵਿੱਚ ਅੱਜ ਦੁਪਹਿਰ ਇੱਕ 18 ਸਾਲਾ ਲੜਕੀ ਦੀ ਲਾਸ਼ ਮਾਨਗੜ੍ਹ ਟੋਲ ਪਲਾਜ਼ਾ ਨੇੜੇ ਸੜਕ ਕਿਨਾਰੇ ਮਿਲੀ। ਮ੍ਰਿਤਕਾ ਦੀ ਪਛਾਣ ਗੁਰਲੀਨ ਕੌਰ ਪੁੱਤਰੀ ਮਨਜੀਤ ਸਿੰਘ ਵਾਸੀ ਮਾਨਗੜ੍ਹ ਵਜੋਂ ਹੋਈ ਹੈ।
ਦੱਸ ਦਈਏ ਕਿ ਮੌਕੇ ‘ਤੇ ਪਹੁੰਚੀ ਗੜ੍ਹਦੀਵਾਲਾ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਕਤਲ ‘ਚ ਵਰਤਿਆ ਤੇਜ਼ਧਾਰ ਹਥਿਆਰ ਬਰਾਮਦ ਕਰਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ‘ਚ ਰਖਵਾ ਦਿੱਤਾ ਹੈ।
ਇਸਤੋਂ ਇਲਾਵਾ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਤੋਂ ਕੀਤੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਮ੍ਰਿਤਕ ਲੜਕੀ 12ਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਕੰਪਿਊਟਰ ਕੋਰਸ ਕਰਨ ਲਈ ਗੜ੍ਹਦੀਵਾਲਾ ਜਾਂਦੀ ਸੀ। ਰੋਜ਼ਾਨਾ ਦੀ ਤਰ੍ਹਾਂ ਬੁੱਧਵਾਰ ਨੂੰ ਦੁਪਹਿਰ ਕਰੀਬ 1.30 ਵਜੇ ਉਹ ਕੰਪਿਊਟਰ ਸਿੱਖਣ ਲਈ ਘਰ ਤੋਂ ਗੜ੍ਹਦੀਵਾਲਾ ਗਈ ਸੀ। ਫਿਰ ਕਰੀਬ 3.30 ਵਜੇ ਉਸ ਦੇ ਨਾਨੇ ਧਰਮ ਸਿੰਘ ਵਾਸੀ ਪਿੰਡ ਵਡਾਲਾ ਨੇ ਗੁਰਲੀਨ ਨੂੰ ਫੋਨ ਕੀਤਾ ਕਿ ਉਹ ਘਰ ਜਾਣ ਲਈ ਗੜ੍ਹਦੀਵਾਲਾ ਬੱਸ ਸਟੈਂਡ ਪਹੁੰਚੀ ਹੈ। ਪਰ ਕੁਝ ਸਮੇਂ ਬਾਅਦ ਲੜਕੀ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ।
ਸ਼ਾਮ 4.30 ਵਜੇ ਜਦੋਂ ਰਾਹਗੀਰਾਂ ਨੇ ਸੜਕ ਕਿਨਾਰੇ ਇੱਕ ਲੜਕੀ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਦੇਖੀ ਤਾਂ ਉਨ੍ਹਾਂ ਤੁਰੰਤ ਪਿੰਡ ਦੀ ਪੰਚਾਇਤ ਨੂੰ ਸੂਚਨਾ ਦਿੱਤੀ ਅਤੇ ਪੰਚਾਇਤ ਨੇ ਗੜ੍ਹਦੀਵਾਲਾ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਸਬ-ਇੰਸਪੈਕਟਰ ਨਿਰਮਲ ਸਿੰਘ ਸਮੇਤ ਪਾਰਟੀ ਸਮੇਤ ਮੌਕੇ ‘ਤੇ ਪੁੱਜੇ | ਉਨ੍ਹਾਂ ਮ੍ਰਿਤਕ ਲੜਕੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਲੜਕੀ ਦੇ ਕਤਲ ਸਮੇਂ ਕਾਤਲ ਵੱਲੋਂ ਵਰਤਿਆ ਹਥਿਆਰ ਬਰਾਮਦ ਕਰ ਲਿਆ ਹੈ। ਪੁਲਿਸ ਕਾਤਲ ਨੂੰ ਜਲਦ ਹੀ ਗਿ੍ਫ਼ਤਾਰ ਕਰਨ ਦਾ ਦਾਅਵਾ ਵੀ ਕਰ ਰਹੀ ਹੈ। ਪੁਲਿਸ ਨੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦਸੂਹਾ ਭੇਜ ਦਿੱਤਾ ਹੈ। ਲੜਕੀ ਦੇ ਮਾਪਿਆਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।