- ਨਾਭਾ ਜੇਲ੍ਹ ‘ਚ ਹੈ ਬੰਦ
- ਇਸ ਗੱਲ ਦਾ ਖੁਲਾਸਾ SIT ਦੀ ਜਾਂਚ ‘ਚ ਹੋਇਆ ਸੀ
ਨਾਭਾ, 17 ਨਵੰਬਰ 2023 – ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਣੀ ਹੈ। ਖਹਿਰਾ ਨੂੰ 2015 ਦੇ ਡਰੱਗ ਰੈਕੇਟ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਸੁਰੱਖਿਆ ਕਾਰਨਾਂ ਕਰਕੇ ਉਸ ਨੂੰ ਸ੍ਰੀ ਮੁਕਤਸਰ ਜੇਲ੍ਹ ਤੋਂ ਨਾਭਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਲਜ਼ਾਮ ਲੱਗੇ ਹਨ ਕਿ ਖਹਿਰਾ ਦੇ 8 ਸਾਲ ਪਹਿਲਾਂ ਸਰਹੱਦ ਪਾਰੋਂ ਆਈ 2 ਕਿਲੋ ਹੈਰੋਇਨ ਨਾਲ ਸਬੰਧ ਸਨ।
ਕਰੀਬ ਇੱਕ ਮਹੀਨਾ ਪਹਿਲਾਂ ਖਹਿਰਾ ਨੇ ਆਪਣੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਿਆ ਸੀ। ਉਨ੍ਹਾਂ ਦੇ ਵਕੀਲ ਨੇ ਪਟੀਸ਼ਨ ਵਿੱਚ ਇਹ ਵੀ ਕਿਹਾ ਹੈ ਕਿ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ, ਫਿਰ ਵੀ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਸੁਪਰੀਮ ਕੋਰਟ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਉਲੰਘਣਾ ਹੈ, ਕਿਉਂਕਿ ਉਸ ਨੂੰ ਪਹਿਲਾਂ ਹੀ ਹਾਈਕੋਰਟ ਤੋਂ ਰਾਹਤ ਮਿਲ ਚੁੱਕੀ ਸੀ।
ਜਾਣਕਾਰੀ ਮੁਤਾਬਕ ਸੁਖਪਾਲ ਖਹਿਰਾ ਖਿਲਾਫ 2015 ਦੇ ਇਕ ਪੁਰਾਣੇ ਡਰੱਗ ਮਾਮਲੇ ‘ਚ ਜਾਂਚ ਚੱਲ ਰਹੀ ਸੀ। ਹੁਣ ਉਸ ਨੂੰ ਡੀਆਈਜੀ ਦੀ ਅਗਵਾਈ ਵਾਲੀ ਐਸਆਈਟੀ ਦੀ ਰਿਪੋਰਟ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਐਸਆਈਟੀ ਵਿੱਚ ਦੋ ਐਸਐਸਪੀਜ਼ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਇਹ ਝੂਠਾ ਕੇਸ ਸੀ, ਉਥੇ ਹੀ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਰਾਹਤ ਦਿੱਤੀ ਹੈ।
ਜਾਂਚ ਕਮੇਟੀ ਨੇ ਸੁਖਪਾਲ ਸਿੰਘ ਖਹਿਰਾ ਦੀ ਕਾਲ ਡਿਟੇਲ ਹਾਸਲ ਕਰ ਲਈ ਹੈ। ਜਿਸ ਵਿੱਚ ਸਪੱਸ਼ਟ ਹੈ ਕਿ ਖਹਿਰਾ ਡਰੱਗ ਮਾਮਲੇ ਦੇ ਮੁਲਜ਼ਮ ਗੁਰਦੇਵ ਸਿੰਘ ਨਾਲ ਚਰਨਜੀਤ ਕੌਰ ਨਾਂ ਦੀ ਔਰਤ ਰਾਹੀਂ ਗੱਲਬਾਤ ਕਰਦਾ ਸੀ। ਚਰਨਜੀਤ ਕੌਰ ਨਸ਼ਾ ਤਸਕਰ ਗੁਰਦੇਵ ਸਿੰਘ ਦੀ ਭੈਣ ਹੈ, ਜੋ ਲੰਡਨ ਵਿੱਚ ਰਹਿੰਦਾ ਹੈ।
ਚਰਨਜੀਤ ਕੌਰ ਸੁਖਪਾਲ ਖਹਿਰਾ ਨਾਲ ਉਨ੍ਹਾਂ ਦੇ ਪੀਏ ਜੋਗਾ ਸਿੰਘ ਦੇ ਨੰਬਰ ‘ਤੇ ਗੱਲ ਕਰਦੀ ਸੀ। ਖਹਿਰਾ ਨੇ ਮਾਰਚ 2015 ਵਿੱਚ ਗ੍ਰਿਫਤਾਰੀ ਤੋਂ ਇੱਕ ਦਿਨ ਪਹਿਲਾਂ ਚਰਨਜੀਤ ਕੌਰ ਨਾਲ ਕਈ ਵਾਰ ਗੱਲਬਾਤ ਕੀਤੀ ਸੀ। ਫਿਰ ਚਰਨਜੀਤ ਕੌਰ ਨੇ ਖਹਿਰਾ ਦਾ ਸੁਨੇਹਾ ਗੁਰਦੇਵ ਸਿੰਘ ਨੂੰ ਦਿੱਤਾ। ਗੁਰਦੇਵ ਸਿੰਘ ਪਾਕਿਸਤਾਨ ਸਥਿਤ ਨਸ਼ਾ ਤਸਕਰ ਇਮਤਿਆਜ਼ ਉਰਫ਼ ਕਾਲਾ ਦੇ ਸਿੱਧੇ ਸੰਪਰਕ ਵਿੱਚ ਸੀ ਅਤੇ ਗੁਰਦੇਵ ਨਸ਼ੇ ਦੇ ਸਮੁੱਚੇ ਗਠਜੋੜ ਦਾ ਪ੍ਰਬੰਧ ਦੇਖ ਰਿਹਾ ਸੀ।
ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਗੁਰਦੇਵ ਸਿੰਘ, ਚਰਨਜੀਤ ਕੌਰ ਅਤੇ ਸੁਖਪਾਲ ਖਹਿਰਾ ਵਿਚਾਲੇ 11 ਦਿਨਾਂ ‘ਚ 65 ਕਾਲਾਂ ਹੋਈਆਂ ਸਨ। ਇਸ ਸਬੂਤ ਦੇ ਆਧਾਰ ‘ਤੇ ਪੁਲਿਸ ਨੇ ਸੁਖਪਾਲ ਖਹਿਰਾ ਨੂੰ ਵੀ ਗ੍ਰਿਫਤਾਰ ਕੀਤਾ ਸੀ।









