ਬਠਿੰਡਾ ਜਿਲ੍ਹੇ ਦੇ ਪਿੰਡ ਚਨਾਰਥਲ ਵਿਖੇ ਸ਼ਨੀਵਾਰ ਰਾਤ ਨੂੰ ਸਰੋਂ ਦੇ ਸਾਗ ਨਾਲ ਰੋਟੀ ਖਾਣ ਤੋਂ ਬਾਅਦ ਪਤੀ ਪਤਨੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਦ ਕਿ ਉਨ੍ਹਾਂ ਦਾ ਬੇਟਾ ਹਰਪ੍ਰੀਤ ਸਿੰਘ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਮ੍ਰਿਤਕ ਜੋੜੇ ਦੀ ਪਛਾਣ ਸੁਰਜੀਤ ਸਿੰਘ (53) ਅਤੇ ਚਰਨਜੀਤ ਕੌਰ (51) ਵਜੋਂ ਹੋਈ ਹੈ। ਮੌਤ ਹੋਣ ਮਗਰੋਂ ਐਤਵਾਰ ਨੂੰ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਲਿਆਂਦਾ ਗਿਆ। ਐਤਵਾਰ ਨੂੰ ਸਿਵਲ ਹਸਪਤਾਲ ਵਿਖੇ ਪਹੁੰਚੇ ਮ੍ਰਿਤਕਾਂ ਦੇ ਦਾਦਾ ਲੀਲਾ ਸਿੰਘ ਖਾਲਸਾ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਉਸ ਦੇ ਲੜਕੇ ਸੁਰਜੀਤ, ਨੂੰਹ ਚਰਨਜੀਤ ਕੌਰ ਤੇ ਪੋਤੇ ਹਰਪ੍ਰੀਤ ਸਿੰਘ ਨੇ ਸਰੋਂ ਦੇ ਸਾਗ ਨਾਲ ਰੋਟੀ ਖਾਧੀ ਸੀ।
ਉਨ੍ਹਾਂ ਦੱਸਿਆ ਕਿ ਸਾਗ ਖਾਣ ਤੋਂ ਬਾਅਦ ਤਿੰਨਾਂ ਦੀ ਹਾਲਤ ਨਾਜ਼ੁਕ ਹੋ ਗਈ ਤਾਂ ਉਨ੍ਹਾਂ ਵਲੋਂ ਪਹਿਲਾਂ ਮੌੜ ਮੰਡੀ ਦੇ ਸਰਕਾਰੀ ਹਸਪਤਾਲ ’ਚ ਤਿੰਨਾਂ ਨੂੰ ਦਾਖ਼ਲ ਕਰਵਾਇਆ ਗਿਆ। ਉਥੇ ਸੁਰਜੀਤ ਸਿੰਘ ਅਤੇ ਚਰਨਜੀਤ ਕੌਰ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਮੁੰਡੇ ਹਰਪ੍ਰੀਤ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ, ਜੋ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਲੀਲਾ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਤੌਰ ਉਤੇ ਸਹਾਇਤਾ ਕੀਤੀ ਜਾਵੇ।ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੋਟਫੱਤਾ ਦੇ ਐੱਸ. ਆਈ. ਸੰਦੀਪ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਭੇਜ ਦਿੱਤਾ ਹੈ। ਮ੍ਰਿਤਕਾਂ ਦੀ ਮੌਤ ਦਾ ਅਸਲ ਕਾਰਨ ਕੀ ਹੈ, ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਦੀ ਅਸਲ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।