ਪਿੰਡ ਜਲਾਲਪੁਰ ‘ਚ ਘਰੇਲੂ ਝਗੜੇ ਕਰਕੇ ਇਕ ਵਿਅਕਤੀ ਨੇ ਆਪਣੇ ਛੋਟੇ ਭਰਾ ਦੀ ਪਤਨੀ ਦਾ ਕਤਲ ਕਰ ਦਿੱਤਾ। ਮੁਲਜ਼ਮ ਮੋਹਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਕਤਲ ਉਸ ਸਮੇਂ ਹੋਇਆ ਜਦੋਂ ਕਰਮਜੀਤ ਕੌਰ ਛੱਤ ‘ਤੇ ਕੱਪੜੇ ਸੁਕਾਉਣ ਗਈ ਸੀ। ਮੁਲਜ਼ਮ ਨੇ ਉਸ ’ਤੇ ਚਾਕੂ ਨਾਲ ਕਈ ਵਾਰ ਕੀਤੇ।
ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਪਤੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ। ਤਿੰਨੋਂ ਸੰਯੁਕਤ ਪਰਿਵਾਰ ਵਿੱਚ ਰਹਿੰਦੇ ਹਨ। ਘਰ ਵਿੱਚ ਹਰ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ।
ਦੱਸ ਦਈਏ ਕਿ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਸ ਚਾਕੂ ਨਾਲ ਕਤਲ ਕੀਤਾ ਗਿਆ ਸੀ, ਉਹ ਘਰ ਦੇ ਬਾਹਰੋਂ ਲਿਆਂਦਾ ਗਿਆ ਸੀ। ਮੁਲਜ਼ਮ ਨੇ ਪਹਿਲਾਂ ਹੀ ਕਤਲ ਦੀ ਯੋਜਨਾ ਬਣਾ ਲਈ ਸੀ। ਥਾਣਾ ਸਮਰਾਲਾ ਅਧੀਨ ਪੈਂਦੇ ਬਰਧਾਲਾਂ ਚੌਕੀ ਦੇ ਇੰਚਾਰਜ ਪਵਿੱਤਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕਤਲ ਦਾ ਕਾਰਨ ਘਰੇਲੂ ਖਰਚੇ ਨੂੰ ਲੈ ਕੇ ਝਗੜਾ ਦੱਸਿਆ ਜਾ ਰਿਹਾ ਹੈ।