- ਅਦਾਲਤ ਵੱਲੋਂ ਕੇਸ ਰੱਦ ਕੀਤਾ, ਮੋਰਚਾ ਲੱਗਣ ਤੋਂ ਬਾਅਦ ਜਥੇਦਾਰ ਦਾ ਤੀਜੇ ਕੇਸ ‘ਚੋਂ ਬਰੀ – ਪਾਲ ਸਿੰਘ ਫਰਾਂਸ
ਮੋਹਾਲੀ, 5 ਜਨਵਰੀ 2024 (ਬਲਜੀਤ ਮਰਵਾਹਾ) – ਕੌਮੀ ਇਨਸਾਫ਼ ਮੋਰਚੇ ਦੇ ਆਗੂ ਵਕੀਲ ਅਮਰ ਸਿੰਘ ਚਾਹਲ , ਵਕੀਲ ਗੁਰਸ਼ਰਨ ਸਿੰਘ ਅਤੇ ਦਿਲਸ਼ੇਰ ਸਿੰਘ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਤੇ FIR no 31 / 1998 ਪੁਲਿਸ ਥਾਣਾ ਸੋਹਾਣਾ U/S 124A,153A,225,511,120B ਦਰਜ਼ ਕੀਤੀ ਗਈ ਸੀ ਜਿਸ ਵਿੱਚ ਕੁੱਝ ਹੋਰ ਵਿਅਕਤੀ ਵੀ ਸ਼ਾਮਿਲ ਸਨ, ਓਹਨਾਂ ਤੇ ਏਹ ਕੇਸ ਲੰਬਾ ਸਮਾਂ ਪਹਿਲਾਂ ਬਰੀ ਹੋ ਚੁੱਕੇ ਸਨ।
ਪਰ 1998 ਤੋਂ ਲੈ ਕਿ ਅੱਜ ਤੱਕ ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਇਹ ਕੇਸ ਤਕਰੀਬਨ ਬੰਦ ਪਿਆ ਸੀ, ਕੌਮੀ ਇਨਸਾਫ਼ ਮੋਰਚੇ ਦੇ ਯਤਨਾਂ ਸਦਕਾ ਮੁਹਾਲੀ ਪ੍ਰਸ਼ਾਸ਼ਨ ਤੇ ਦਬਾਅ ਪਾ ਕਿ ਇਸ ਕੇਸ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ, ਜਿਸ ਤੋਂ ਬਾਅਦ ਸਾਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਅਦਾਲਤ ਦੇ ਵਧੀਕ ਸੈਸ਼ਨ ਜੱਜ ਕ੍ਰਿਸ਼ਨ ਕੁਮਾਰ ਸਿੰਗਲਾ ਨੇ ਇਸ ਕੇਸ ਵਿੱਚ ਧਾਰਾ 124A ਜਿਸ ਵਿੱਚ ਸੁਪਰੀਮ ਕੋਰਟ ਚੋਂ ਸਟੇ (ਰੋਕ) ਹੋਣ ਕਾਰਨ ਅਤੇ ਧਾਰਾ 153 ਏ ਵਿੱਚ ਮਨਜੂਰੀ ਨਾ ਮਿਲਣ ਕਾਰਨ ਇਸ ਕੇਸ ਨੂੰ ਰੱਦ ਕਰ ਦਿੱਤਾ ਗਿਆ। ਇਸ ਕੇਸ ਚ ਲੰਬੇ ਸਮੇਂ ਤੋਂ ਪੈਰਵਾਈ ਕਰ ਰਹੇ ਵਕੀਲ ਜਸਪਾਲ ਸਿੰਘ ਮੰਝਪੁਰ ਅਤੇ ਵਕੀਲ ਗੁਰਸ਼ਰਨ ਸਿੰਘ ਵਿਸ਼ੇਸ਼ ਤੌਰ ਤੇ ਪੇਸ਼ ਹੋਏ।
ਅੱਗੇ ਕੇਸ ਬਰੀ ਹੋਣ ਤੇ ਮੋਰਚੇ ਦੇ ਆਗੂ ਭਾਈ ਪਾਲ ਸਿੰਘ ਫਰਾਂਸ, ਭਾਈ ਇੰਦਰਵੀਰ ਸਿੰਘ , ਭਾਈ ਜਸਵਿੰਦਰ ਸਿੰਘ ਰਾਜਪੁਰਾ, ਭਾਈ ਰਵਿੰਦਰ ਸਿੰਘ ਵਜੀਦਪੁਰ, ਬਾਬਾ ਰਾਜਾ ਰਾਜ ਸਿੰਘ , ਜੱਥੇਦਾਰ ਕੁਲਵਿੰਦਰ ਸਿੰਘ,ਭਾਈ ਸਰਬਜੀਤ ਸਿੰਘ,ਭਾਈ ਬਲਵਿੰਦਰ ਸਿੰਘ ਕਾਲਾ, ਭਾਈ ਬਲਜੀਤ ਸਿੰਘ ਭਾਊ, ਮਾਸਟਰ ਦਵਿੰਦਰ ਸਿੰਘ ਵੱਲੋਂ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ, ਅਤੇ ਇਸ ਗੱਲ ਨੂੰ ਫਿਰ ਦੁਹਰਾਇਆ ਗਿਆ ਕਿ ਜਦੋਂ ਤੱਕ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਸਾਡਾ ਸੰਘਰਸ਼ ਜਾਰੀ ਰਹੇਗਾ।
31 ਮੈਂਬਰੀ ਜੱਥਾ ਰਵਾਨਾ
ਰੋਜਾਨਾ ਦੀ ਤਰ੍ਹਾਂ ਕੌਮੀ ਇਨਸਾਫ਼ ਮੋਰਚੇ ਚੋਂ 31 ਮੈਂਬਰੀ ਜੱਥਾ ਮੁੱਖ ਮੰਤਰੀ ਦੀ ਕੋਠੀ ਵੱਲ ਅੱਜ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਦਰਸ਼ਨ ਕਰਦਾ ਹੋਇਆ ਰਵਾਨਾ ਹੋਇਆ ।












