ਚੰਡੀਗੜ੍ਹ, 4 ਅਕਤੂਬਰ (ਬਲਜੀਤ ਮਰਵਾਹਾ)- ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਅੱਜ ਚੰਡੀਗੜ੍ਹ ਵਿਖੇ ਭਾਜਪਾ ਪੰਜਾਬ ਹੈੱਡਕੁਆਰਟਰ ਵਿਖੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਭਾਜਪਾ ਪੰਜਾਬ ਮਹਿਲਾ ਮੋਰਚਾ ਇਕਾਈ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਮਹਿਲਾ ਮੋਰਚਾ ਦੇ ਸਮੂਹ ਜ਼ਿਲ੍ਹਾ ਪ੍ਰਧਾਨਾਂ ਅਤੇ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ ਕਿ, “ਸਭ ਤੋਂ ਪਹਿਲਾਂ ਮੈਂ ਭਾਜਪਾ ਹਾਈਕਮਾਂਡ, ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ, ਪੰਜਾਬ ਇੰਚਾਰਜ ਵਿਜੇ ਰੁਪਾਨੀ ਜੀ, ਪੰਜਾਬ ਜਨਰਲ ਸਕੱਤਰ ਇੰਚਾਰਜ ਮੰਤਰੀ ਸ੍ਰੀਨਿਵਾਸਲੂ ਜੀ ਦਾ ਅਤੇ ਖਾਸ ਤੌਰ ‘ਤੇ ਤੁਹਾਡੇ ਵਿੱਚੋਂ ਹਰੇਕ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਅਹੁਦੇ ਰਾਹੀਂ ਪਾਰਟੀ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ।
ਉਨ੍ਹਾਂ ਅੱਗੇ ਕਿਹਾ, “ਮੈਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਅਸੀਂ ਸਾਰੇ ਪਾਰਟੀ ਅਤੇ ਮਹਿਲਾ ਮੋਰਚੇ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਣ ਲਈ ਮਿਲ ਕੇ ਕੰਮ ਕਰਾਂਗੇ। ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਦੇਸ਼ ਵਿੱਚ ਸਾਡੇ ਸਮਾਜ ਵਿੱਚ ਔਰਤਾਂ ਦੇ ਵਿਕਾਸ ਅਤੇ ਸਸ਼ਕਤੀਕਰਨ ਲਈ ਕਈ ਵੱਡੇ ਕਦਮ ਚੁੱਕੇ ਹਨ, ਜਿਸ ਦੀ ਸਭ ਤੋਂ ਤਾਜ਼ਾ ਮਿਸਾਲ ਹੈ ਮਹਿਲਾ ਰਿਜ਼ਰਵੇਸ਼ਨ ਬਿੱਲ। ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਕੰਮਾਂ ਅਤੇ ਮੋਦੀ ਸਰਕਾਰ ਦੀਆਂ ਹੋਰ ਔਰਤਾਂ ਕੇਂਦਰਿਤ ਸਕੀਮਾਂ ਨੂੰ ਪੰਜਾਬ ਦੇ ਹਰ ਘਰ ਤੱਕ ਪਹੁੰਚਾਈਏ।”
ਜੈ ਇੰਦਰ ਕੌਰ ਨੇ ਅੱਗੇ ਕਿਹਾ ਕਿ, “ਜੇਕਰ ਅਸੀਂ ਪੰਜਾਬ ਦੇ ਲੋਕਾਂ ਨੂੰ ਭਾਜਪਾ ਸਰਕਾਰ ਵੱਲੋਂ ਸਾਡੀ ਭਲਾਈ ਲਈ ਚੁੱਕੇ ਗਏ ਕਦਮਾਂ ਤੋਂ ਜਾਣੂ ਕਰਵਾ ਪਾਉਂਦੇ ਹਾਂ ਤਾਂ ਸਾਨੂੰ ਕਦੇ ਵੀ ਉਨ੍ਹਾਂ ਤੋਂ ਵੋਟਾਂ ਮੰਗਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਉਹ ਖੁਦ ਇਸ ਅਗਾਂਹਵਧੂ ਭਾਜਪਾ ਸਰਕਾਰ ਨੂੰ ਮੂਹਰੇ ਹੋਕੇ ਵੋਟਾਂ ਪਾਉਣਗੇ।”
ਸੀਨੀਅਰ ਭਾਜਪਾ ਆਗੂ ਨੇ ਮਹਿਲਾ ਮੋਰਚਾ ਵਰਕਰਾਂ ਨੂੰ ਪਿੰਡਾਂ ਵਿੱਚ ਨਸ਼ਾ ਵਿਰੋਧੀ ਮੁਹਿੰਮ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਵੀ ਅਪੀਲ ਕੀਤੀ।
ਜੈ ਇੰਦਰ ਕੌਰ ਦੇ ਨਾਲ ਮਹਿਲਾ ਮੋਰਚਾ ਦੀ ਸਾਬਕਾ ਪ੍ਰਧਾਨ ਮੀਨੂੰ ਸੇਠੀ ਅਤੇ ਸਮੂਹ ਪੰਜਾਬ ਇਕਾਈ ਮੌਜਦ ਸੀ।