ਖੰਨਾ ਦੇ ਪਿੰਡ ਗੱਗੜਮਾਜਰਾ ਦੇ ਵਸਨੀਕ ਕੁਲਵੰਤ ਸਿੰਘ (38) ਦੀ ਇਟਲੀ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਹਾਦਸੇ ਵਿੱਚ ਕੁਲਵੰਤ ਦਾ ਦੋਸਤ ਜਸਪ੍ਰੀਤ ਸਿੰਘ (22) ਵਾਸੀ ਫਤਹਿਗੜ੍ਹ ਸਾਹਿਬ ਦੇ ਪਿੰਡ ਹਰਲਾਲਪੁਰ ਗੰਭੀਰ ਜ਼ਖ਼ਮੀ ਹੋ ਗਿਆ।
ਦੋਵੇਂ ਕਾਰ ‘ਚ ਕੰਮ ਤੋਂ ਘਰ ਪਰਤ ਰਹੇ ਸਨ। ਉਸਦੀ ਕਾਰ ਬੇਕਾਬੂ ਹੋ ਕੇ ਪਲਟ ਗਈ ਅਤੇ ਫਿਰ ਇੱਕ ਖੰਭੇ ਨਾਲ ਟਕਰਾ ਗਈ। ਹਾਦਸੇ ਵਿੱਚ ਕੁਲਵੰਤ ਦੀ ਮੌਤ ਹੋ ਗਈ। ਕੁਲਵੰਤ ਇਟਲੀ ਦੇ ਬਰਗਾਮੋ ਜ਼ਿਲ੍ਹੇ ਦੇ ਕਸਬੇ ਸੁਸੀਓ ਵਿੱਚ ਰਹਿੰਦਾ ਸੀ।
ਮ੍ਰਿਤਕ ਕੁਲਵੰਤ ਸਿੰਘ ਦੀ ਮਾਤਾ ਅਤੇ ਭਰਾ ਪਿੰਡ ਗੱਗੜਮਾਜਰਾ ਵਿੱਚ ਰਹਿੰਦੇ ਹਨ। ਕੁਲਵੰਤ ਸਿੰਘ ਕਰੀਬ 15 ਸਾਲ ਇਟਲੀ ਵਿਚ ਰਿਹਾ। ਕਦੇ-ਕਦਾਈਂ ਪਰਿਵਾਰ ਨੂੰ ਮਿਲਣ ਆਉਂਦਾ ਸੀ। ਉਸ ਦੀ ਪਤਨੀ ਅਤੇ ਢਾਈ ਸਾਲ ਦਾ ਬੇਟਾ ਵੀ ਇਟਲੀ ਵਿਚ ਹੈ। ਕੁਲਵੰਤ ਕਰੀਬ ਡੇਢ ਮਹੀਨਾ ਪਹਿਲਾਂ ਹੀ ਪੰਜਾਬ ਤੋਂ ਪਰਤਿਆ ਸੀ। ਉਹ ਹਰ ਰੋਜ਼ ਆਪਣੀ ਮਾਂ ਨਾਲ ਫੋਨ ‘ਤੇ ਉਸ ਦੀ ਹਾਲਤ ਜਾਣਨ ਲਈ ਗੱਲ ਕਰਦਾ ਰਹਿੰਦਾ ਸੀ। 9 ਜੂਨ ਨੂੰ ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਨੇ ਪਰਿਵਾਰ ਨੂੰ ਫੋਨ ‘ਤੇ ਹਾਦਸੇ ਦੀ ਜਾਣਕਾਰੀ ਦਿੱਤੀ। ਮ੍ਰਿਤਕ ਕੁਲਵੰਤ ਦੇ ਭਰਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਅੰਤਿਮ ਸੰਸਕਾਰ ਇਟਲੀ ਵਿੱਚ ਕੀਤਾ ਜਾਵੇਗਾ।
ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਨੇ ਵੀ ਹਾਦਸੇ ‘ਤੇ ਅਫਸੋਸ ਪ੍ਰਗਟ ਕੀਤਾ ਹੈ। ਵਿਧਾਇਕ ਨੇ ਕਿਹਾ ਕਿ ਇਹ ਪੂਰੇ ਇਲਾਕੇ ਅਤੇ ਪਰਿਵਾਰ ਲਈ ਦੁਖਦਾਈ ਘਟਨਾ ਹੈ। ਉਹ ਪਰਿਵਾਰ ਨਾਲ ਖੜ੍ਹੇ ਹਨ।