ਸ੍ਰੀ ਮੁਕਤਸਰ ਸਾਹਿਬ/ਗਿੱਦੜਬਾਹਾ, 2 ਸਤੰਬਰ: ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3 ਤਹਿਤ ਬਲਾਕ ਗਿੱਦੜਬਾਹਾ ਵਿਖੇ ਬਲਾਕ ਪੱਧਰੀ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਅਨਿੰਦਰਵੀਰ ਕੌਰ ਨੇ ਦੱਸਿਆ ਕਿ ਬਲਾਕ ਗਿੱਦੜਬਾਹਾ ਵਿਖੇ ਪਹਿਲੇ ਦਿਨ ਅੰ-14, ਅੰ-17 ਅਤੇ ਅੰ-21 ਉਮਰ ਵਰਗ ਦੇ ਖਿਡਾਰੀ/ਖਿਡਾਰਨਾਂ ਨੇ ਭਾਗ ਲਿਆ।
ਇਸ ਦੌਰਾਨ ਉੱਪ ਮੰਡਲ ਮੈਜਿਸਟ੍ਰੇਟ, ਗਿੱਦੜਬਾਹਾ ਜਸਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਤਹਿਸੀਲਦਾਰ ਕਮਲਦੀਪ ਸਿੰਘ ਅਤੇ ਅਬੇ ਢਿੱਲੋਂ, ਯੂਥ ਆਗੂ, ਆਮ ਆਦਮੀ ਪਾਰਟੀ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ।
ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਵੱਲੋਂ ਮੁੱਖ ਮਹਿਮਨ ਅਤੇ ਵਿਸ਼ੇਸ਼ ਮਹਿਮਾਨ ਜੀ ਦਾ ਇਸ ਪ੍ਰੋਗਰਾਮ ਵਿੱਚ ਪਹੁੰਚਣ ’ਤੇ ਸਵਾਗਤ ਕੀਤਾ ਗਿਆ ਅਤੇ ਜੀ ਆਇਆ ਆਖਿਆ। ਮੁੱਖ ਮਹਿਮਾਨ ਵੱਲੋਂ ਖਿਡਾਰੀਆਂ ਦੀ ਹੋਸਲਾ ਅਫਜਾਈ ਕਰਦੇ ਹੋਏ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਣ ਲਈ ਉਤਸ਼ਾਹਿਤ ਕੀਤਾ।
ਉਨ੍ਹਾਂ ਕਿਹਾ ਕਿ ਖਿਡਾਰੀ ਖੇਡਾਂ ਵਿੱਚ ਮੈਡਲ ਹਾਸਿਲ ਕਰ ਉੱਚ ਪੱਧਰ ਦੀਆਂ ਨੌਕਰੀਆਂ ਪ੍ਰਾਪਤ ਕਰ ਸਕਦੇ ਹਨ। ਬਲਾਕ ਪੱਧਰੀ ਖੇਡਾਂ ਵਿੱਚ ਵਾਲੀਬਾਲ (ਸ਼ੂਟਿੰਗ/ਸਮੇਸ਼ਿੰਗ), ਖੋ-ਖੋ, ਕਬੱਡੀ (ਸਰਕਲ/ ਨੈਸ਼ਨਲ), ਅਥਲੈਟਿਕਸ, ਅਤੇ ਫੁੱਟਬਾਲ ਗੇਮ ਦੇ ਖੇਡ ਮੁਕਾਬਲੇ ਕਰਵਾਏ ਗਏ।












