ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਨੌਜਵਾਨਾਂ ਦੀ ਰੋਜ਼ਗਾਰ ਯੋਗਤਾ ਅਤੇ ਉਹਨਾਂ ਦੇ ਹੁਨਰ ਨੂੰ ਨਿਖਾਰਨ ਦੇ ਉਦੇਸ਼ ਨਾਲ ਅੱਜ ਰੈਲਮਾਜਰਾ ਦੇ ਰਿਆਤ ਕੈਂਪਸ ਵਿਖੇ ਲੈਮਰੀਨ ਟੈਕ ਸਕਿੱਲ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ, ਜੋ ਉੱਤਰੀ ਖੇਤਰ ਦੀ ਪਹਿਲੀ ਨਿੱਜੀ ਤਕਨੀਕੀ ਸਕਿੱਲ ਯੂਨੀਵਰਸਿਟੀ ਹੈ। ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਇਸ ਦਿਨ ਨੂੰ ਸੂਬੇ ਲਈ ਇਤਿਹਾਸ ਦਿਨ ਵਜੋਂ ਦਰਸਾਇਆ ਕਿਉਂਜੋ ਉਦਯੋਗਿਕ ਖੇਤਰ ਦੇ ਪ੍ਰਮੁੱਖ ਦਿੱਗਜਾਂ ਜਿਵੇਂ ਆਈਬੀਐਮ, ਟਾਟਾ ਅਤੇ ਐਨਸਿਸ ਨੇ ਪੰਜਾਬ ਵਿੱਚ ਇੱਕ ਸਕਿੱਲ ਯੂਨੀਵਰਸਿਟੀ ਸਥਾਪਤ ਕਰਨ ਲਈ ਹੱਥ ਮਿਲਾਇਆ ਹੈ ਜੋ ਸੂਬੇ ਦੇ ਉਦਯੋਗਿਕ ਖੇਤਰ ਵਿੱਚ ਹੁਨਰ ਸਿਖਲਾਈ ਅਤੇ ਨੌਕਰੀਆਂ ਮੁਹੱਈਆ ਕਰਵਾਉਣ ਵਿੱਚ ਸਹਾਈ ਹੋਵੇਗਾ। ਚੰਨੀ ਨੇ ਕਿਹਾ ਕਿ ਇਸ ਯੂਨੀਵਰਸਿਟੀ ਨੂੰ ਸਥਾਪਤ ਕਰਨ ਦਾ ਵਿਚਾਰ ਮੈਨੂੰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਰਹਿੰਦੇ ਹੋਏ ਆਇਆ ਸੀ।

ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ ਵਜੋਂ ਉਦਯੋਗਾਂ ਦੀਆਂ ਮੰਗਾਂ ਅਤੇ ਰੋਜ਼ਾਨਾ ਦੇ ਉਭਰ ਰਹੇ ਰੁਝਾਨਾਂ ਦੇ ਅਨੁਕੂਲ ਹੁਨਰ ਸਿੱਖਿਆ ਮੁਹੱਈਆ ਕਰਵਾਉਣ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਯੂਨੀਵਰਸਿਟੀ ਰੋਜ਼ਗਾਰ ਪੈਦਾ ਕਰਨ ਦੇ ਉਦੇਸ਼ ਦੀ ਪੂਰਤੀ ਕਰੇਗੀ ਅਤੇ ਤਿੰਨੋਂ ਉਦਯੋਗਿਕ ਕੰਪਨੀਆਂ ਯੂਨੀਵਰਸਿਟੀ ਤੋਂ ਪਾਸ ਹੋਏ ਵਿਦਿਆਰਥੀਆਂ ਨੂੰ ਨੌਕਰੀਆਂ ਪ੍ਰਦਾਨ ਕਰਨਗੀਆਂ।

ਬਲਾਚੌਰ ਤੋਂ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਇਸ ਖੇਤਰ ਦੇ ਵਿਦਿਅਕ ਪੱਧਰ ਵਿੱਚ ਬੁਨਿਆਦੀ ਤੌਰ ‘ਤੇ ਬਦਲਾਅ ਲਿਆਵੇਗੀ। ਨੁਮਾਇੰਦਿਆਂ, ਜਿਹਨਾਂ ਵਿੱਚ ਆਈਬੀਐਮ ਤੋਂ ਹਰੀ ਰਾਮਾਸੁਬਰਾਮਨੀਅਨ, ਐਨਸਿਸ ਤੋਂ ਰਫੀਕ ਸੋਮਾਨੀ ਅਤੇ ਟਾਟਾ ਪੁਣੇ ਤੋਂ ਆਨੰਦ ਭਾਦੇ ਸ਼ਾਮਲ ਹਨ, ਨੇ ਕਿਹਾ ਕਿ ਹੁਣ ਤੱਕ ਪੰਜਾਬ ਨੂੰ ਦੇਸ਼ ਦੇ ਅੰਨਦਾਤਾ ਵਜੋਂ ਜਾਣਿਆ ਜਾਂਦਾ ਸੀ ਪਰ ਇਸ ਯੂਨੀਵਰਸਿਟੀ ਦੀ ਸਥਾਪਨਾ ਨਾਲ ਸੂਬਾ ਹੁਨਰ ਦੇ ਖੇਤਰ ਵਿੱਚ ਵੀ ਇੱਕ ਵਿਸ਼ੇਸ਼ ਸਥਾਨ ਬਣਾਵੇਗਾ ਜੋ ਪੰਜਾਬ ਦੇ ਨੌਜਵਾਨਾਂ ਦੇ ਤਕਨੀਕੀ ਹੁਨਰ ਤੋਂ ਇਲਾਵਾ ਗਿਆਨ ਵਿੱਚ ਵੀ ਵਾਧਾ ਕਰੇਗਾ।