ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਦੀ 8 ਸਾਲ ਤੱਕ ਕੋਮਾ ਵਿੱਚ ਰਹਿਣ ਤੋਂ ਬਾਅਦ ਪੰਜਾਬ ਦੇ ਜਲੰਧਰ ਦੇ ਮਿਲਟਰੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਅੱਜ ਭਾਰਤੀ ਫੌਜ ਦੇ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦਾ ਰਾਮ ਬਾਗ ਸ਼ਮਸ਼ਾਨਘਾਟ ਵਿਖੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਪਰਿਵਾਰ ਨੇ ਹੰਝੂ ਭਰੀਆਂ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।
ਦੱਸ ਦਈਏ ਕਿ ਧੀ ਗੁਰਨੀਤ ਕੌਰ ਨੇ ਆਪਣੇ ਪਿਤਾ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦਾ ਅੰਤਿਮ ਸੰਸਕਾਰ ਕੀਤਾ। ਇਸ ਮੌਕੇ ਛੋਟੀ ਬੇਟੀ ਅਸ਼ਨੀਤ ਕੌਰ ਵੀ ਮੌਜੂਦ ਸੀ। ਸਾਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਮੌਕੇ ‘ਤੇ ਮੌਜੂਦ ਕਈ ਫੌਜੀ ਅਧਿਕਾਰੀਆਂ ਦੀਆਂ ਵੀ ਅੱਖਾਂ ਨਮ ਸਨ। ਇਸ ਦੌਰਾਨ ਭਾਰਤੀ ਫੌਜ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਸਵ. ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦੀ ਬਹਾਦਰੀ ਦੀ ਕਹਾਣੀ ਹਮੇਸ਼ਾ ਅਮਰ ਰਹੇਗੀ। ਆਪਣੇ ਦੋਸਤ ਨੂੰ ਬਚਾਉਣ ਲਈ ਕਰਨਬੀਰ ਸਿੰਘ ਨੇ ਦੁਸ਼ਮਣਾਂ ਦੀ ਗੋਲੀ ਆਪਣੇ ਸਰੀਰ ‘ਤੇ ਲਗਾ ਲਈ। ਉਨ੍ਹਾਂ ਨੇ ਬੀਤੇ ਐਤਵਾਰ ਨੂੰ ਜਲੰਧਰ ਛਾਉਣੀ ਦੇ ਮਿਲਟਰੀ ਹਸਪਤਾਲ ‘ਚ ਆਖਰੀ ਸਾਹ ਲਿਆ।
ਉਹ 160 ਟੈਰੀਟੋਰੀਅਲ ਆਰਮੀ (JAK ਰਾਈਫਲਜ਼) ਦਾ ਸੈਕਿੰਡ-ਇਨ-ਕਮਾਂਡ (2IC) ਸੀ। ਉਹ ਪਹਿਲਾਂ ਬ੍ਰਿਗੇਡ ਆਫ਼ ਗਾਰਡਜ਼ ਦੀ 19ਵੀਂ ਬਟਾਲੀਅਨ ਵਿੱਚ ਤਾਇਨਾਤ ਸੀ। ਕਰਨਬੀਰ ਸਿੰਘ ਨੱਤ ਨੂੰ ਉਨ੍ਹਾਂ ਦੀ ਬਹਾਦਰੀ ਲਈ ਸੈਨਾ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ। ਉਸਦਾ ਪਰਿਵਾਰ ਪੰਜਾਬ ਦੇ ਬਟਾਲਾ ਵਿੱਚ ਰਹਿੰਦਾ ਹੈ। ਉਸ ਦੇ ਪਿਤਾ ਜਗਤਾਰ ਸਿੰਘ ਫੌਜ ਵਿੱਚੋਂ ਕਰਨਲ ਦੇ ਅਹੁਦੇ ਨਾਲ ਸੇਵਾਮੁਕਤ ਹੋਏ ਹਨ।
ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਦਾ ਜਨਮ 18 ਮਾਰਚ 1976 ਨੂੰ ਹੋਇਆ ਸੀ। ਉਹ ਆਪਣੇ ਪਿੱਛੇ ਪਤਨੀ ਨਵਪ੍ਰੀਤ ਕੌਰ ਅਤੇ ਧੀਆਂ ਅਸ਼ਮੀਤ ਅਤੇ ਗੁਨੀਤਾ ਛੱਡ ਗਏ ਹਨ।
22 ਨਵੰਬਰ 2015 ਨੂੰ ਕਸ਼ਮੀਰ ਘਾਟੀ ਵਿੱਚ ਕੁਪਵਾੜਾ ਸਰਹੱਦ ਤੋਂ 7 ਕਿਲੋਮੀਟਰ ਦੂਰ ਸੰਘਣੇ ਜੰਗਲ ਵਿੱਚ ਫੌਜ ਦਾ ਆਪ੍ਰੇਸ਼ਨ ਚੱਲ ਰਿਹਾ ਸੀ। ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਆਪਣੇ ਸਾਥੀ ਸਿਪਾਹੀਆਂ ਨਾਲ ਹਾਜੀ ਨਾਕਾ ਪਿੰਡ ‘ਚ ਅੱਤਵਾਦੀਆਂ ਦੀ ਭਾਲ ਕਰ ਰਹੇ ਸਨ। ਸ਼ਾਇਦ ਅੱਤਵਾਦੀਆਂ ਨੂੰ ਇਸਦੀ ਭਣਕ ਲੱਗ ਗਈ ਸੀ।
ਅੱਤਵਾਦੀ ਲੁਕੇ ਹੋਏ ਸਨ। ਅੱਤਵਾਦੀਆਂ ਨੇ ਫੌਜ ‘ਤੇ ਹਮਲਾ ਕਰ ਦਿੱਤਾ। ਜਦੋਂ ਅੱਤਵਾਦੀ ਗੋਲੀਬਾਰੀ ਕਰ ਰਹੇ ਸਨ ਤਾਂ ਕਰਨਵੀਰ ਸਿੰਘ ਨੇ ਆਪਣੇ ਸਾਥੀ ਸਿਪਾਹੀ ਨੂੰ ਬਚਾਉਣ ਲਈ ਧੱਕਾ ਦਿੱਤਾ। ਇਸ ਦੌਰਾਨ ਗੋਲੀ ਕਰਨਵੀਰ ਸਿੰਘ ਦੇ ਜਬਾੜੇ ਵਿੱਚ ਲੱਗੀ।
ਜ਼ਿਕਰਯੋਗ ਹੈ ਕਿ ਘਾਟੀ ‘ਚ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਉਸ ਦੇ ਜਬਾੜੇ ‘ਤੇ ਗੋਲੀ ਲੱਗੀ ਸੀ। ਦੱਸਿਆ ਜਾਂਦਾ ਹੈ ਕਿ ਕਲਾਸ਼ਨੀਕੋਵ ਰਾਈਫਲ ਦੀ ਗੋਲੀ ਨਾਲ ਉਸ ਦੀ ਜੀਭ ਪੂਰੀ ਤਰ੍ਹਾਂ ਖਰਾਬ ਹੋ ਗਈ ਸੀ। ਉਸ ਦਾ ਅੱਧਾ ਚਿਹਰਾ ਗਾਇਬ ਸੀ। ਇਸ ਤੋਂ ਬਾਅਦ ਜੇਕਰ ਉਹ ਮੰਜੇ ‘ਤੇ ਲੇਟਦਾ ਤਾਂ ਉਸ ਦੀ ਜੀਭ ਪਿੱਛੇ ਲਟਕ ਜਾਂਦੀ।












