ਪੰਜਾਬ ਦੇ ਲੁਧਿਆਣਾ ਵਿੱਚ ਢਾਈ ਸਾਲ ਦੀ ਬੱਚੀ ਦਾ ਕਤਲ ਕਰਨ ਵਾਲੀ ਗੁਆਂਢੀ ਔਰਤ ਨੀਲਮ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਉਸ ਨੇ ਦੋ ਸਾਲ ਪਹਿਲਾਂ ਬੱਚੀ ਨੂੰ ਜ਼ਿੰਦਾ ਦਫ਼ਨਾ ਦਿੱਤਾ ਸੀ। ਬੀਤੇ ਸ਼ੁੱਕਰਵਾਰ ਨੂੰ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅੱਜ ਇਸ ਮਾਮਲੇ ਚ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ।

ਦੱਸ ਦਈਏ ਕਿ ਨੀਲਮ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਢਾਈ ਸਾਲ ਦੀ ਬੱਚੀ ਦਿਲਰੋਜ਼ ਨੂੰ ਅਗਵਾ ਕਰ ਲਿਆ ਸੀ ਅਤੇ ਸਲੇਮ ਟਾਬਰੀ ਇਲਾਕੇ ‘ਚ ਟੋਆ ਪੁੱਟ ਕੇ ਉਸ ਨੂੰ ਜ਼ਿੰਦਾ ਦੱਬ ਦਿੱਤਾ ਸੀ। ਦਿਲਰੋਜ ਦੇ ਪਿਤਾ ਹਰਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਸੀ ਕਿ ਉਹ ਆਪਣੇ ਬੱਚਿਆਂ ਲਈ ਬਜ਼ਾਰ ਤੋਂ ਖਿਡੌਣੇ ਅਤੇ ਸਮਾਨ ਆਦਿ ਲਿਆਉਂਦਾ ਸੀ। ਨੀਲਮ ਦਾ ਤਲਾਕ ਹੋ ਚੁੱਕਾ ਸੀ। ਇਸ ਲਈ ਉਹ ਆਪਣੇ ਬੱਚਿਆਂ ਲਈ ਇਹ ਸਭ ਕੁਝ ਲਿਆਉਣ ਦੇ ਯੋਗ ਨਹੀਂ ਸੀ। ਇਸ ਕਾਰਨ ਉਹ ਦਿਲਰੋਜ਼ ਨਾਲ ਨਰਾਜ਼ਗੀ ਰੱਖਣ ਲੱਗੀ। ਇਸ ਤੋਂ ਬਾਅਦ ਨੀਲਮ ਵੱਲੋ ਇਕ ਦਿਨ ਦਿਲਰੋਜ਼ ਨੂੰ ਸਕੂਟਰ ‘ਤੇ ਬਿਠਾ ਅਗਵਾ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ।

ਜਦੋਂ ਦਿਲਰੋਜ਼ ਘਰੋਂ ਲਾਪਤਾ ਹੋਈ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਉਸ ਦੇ ਅਗਵਾ ਹੋਣ ਦੇ ਸ਼ੱਕ ਵਿੱਚ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਜਿਸ ਤੋਂ ਬਾਅਦ ਤਤਕਾਲੀ ਜੁਆਇੰਟ ਸੀਪੀ ਸਿਟੀ ਜੇ ਏਲਾਂਚੇਜਿਅਨ ਜਾਂਚ ਲਈ ਮੌਕੇ ‘ਤੇ ਪਹੁੰਚੇ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ।ਜਦੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਨੀਲਮ ਲੜਕੀ ਨੂੰ ਸਕੂਟਰ ‘ਤੇ ਲੈ ਕੇ ਜਾ ਰਹੀ ਸੀ। ਇਸ ਤੋਂ ਬਾਅਦ ਪੁਲਸ ਨੇ ਨੀਲਮ ਨੂੰ ਹਿਰਾਸਤ ‘ਚ ਲੈ ਲਿਆ।

ਪੁਲਿਸ ਪੁੱਛਗਿੱਛ ਦੌਰਾਨ ਨੀਲਮ ਨੇ ਦਿਲਰੋਜ਼ ਦੇ ਕਤਲ ਦੀ ਗੱਲ ਕਬੂਲੀ। ਉਸ ਨੇ ਪੁਲੀਸ ਨੂੰ ਦੱਸਿਆ ਕਿ ਉਹ ਦਿਲਰੋਜ਼ ਨੂੰ ਖਾਲੀ ਥਾਂ ’ਤੇ ਲੈ ਗਈ। ਉੱਥੇ ਉਸ ਨੂੰ ਇੱਕ ਟੋਏ ਵਿੱਚ ਜ਼ਿੰਦਾ ਦੱਬ ਦਿੱਤਾ।












