ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਕਰੀਬ 8 ਕਿਲੋਮੀਟਰ ਦੂਰ ਗਿਆਸਪੁਰਾ ਰੇਲਵੇ ਫਾਟਕ ਨੂੰ ਦੋ ਟੁਕੜਿਆਂ ਵਿੱਚ ਪਾੜ ਦਿੱਤਾ ਗਿਆ। ਇਸ ਦੌਰਾਨ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਫਾਟਕ ’ਤੇ ਤਾਇਨਾਤ ਰੇਲਵੇ ਮੁਲਾਜ਼ਮ ਨੇ ਤੁਰੰਤ ਇਸ ਦੀ ਸੂਚਨਾ ਰੇਲਵੇ ਪ੍ਰਸ਼ਾਸਨ ਨੂੰ ਦਿੱਤੀ। ਮਾਲ ਗੱਡੀ ਦੇ ਰਵਾਨਾ ਹੋਣ ਤੋਂ ਬਾਅਦ ਜਦੋਂ ਦੁਪਹਿਰ ਕਰੀਬ 4.15 ਵਜੇ ਗੇਟਮੈਨ ਨੇ ਫਾਟਕ ਖੋਲ੍ਹਣਾ ਸ਼ੁਰੂ ਕੀਤਾ ਤਾਂ ਇਸ ਦੇ ਦੋ ਹਿੱਸੇ ਹੋ ਗਏ। ਫਾਟਕ ਟੁੱਟਣ ਦੇ ਕਰੀਬ ਅੱਧੇ ਘੰਟੇ ਬਾਅਦ ਰੇਲਵੇ ਕਰਮਚਾਰੀ ਮੌਕੇ ‘ਤੇ ਪਹੁੰਚੇ। ਫਿਲਹਾਲ ਰੱਸੀਆਂ ਪਾ ਕੇ ਆਵਾਜਾਈ ਨੂੰ ਰੋਕਣ ਦਾ ਕੰਮ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਸਵੇਰੇ-ਸ਼ਾਮ ਵੱਡੀ ਗਿਣਤੀ ‘ਚ ਵਰਕਰ ਫਾਟਕ ਪਾਰ ਕਰਦੇ ਹਨ। ਇਲਾਕਾ ਨਿਵਾਸੀ ਸੰਦੀਪ ਸ਼ੁਕਲਾ ਨੇ ਦੱਸਿਆ ਕਿ ਜਦੋਂ ਗੇਟ ਨੂੰ ਟੁੱਟਿਆ ਗਿਆ ਤਾਂ ਉਹ ਮੌਕੇ ‘ਤੇ ਸੀ। ਗੇਟ ਟੁੱਟਣ ਤੋਂ ਬਾਅਦ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ। ਉਨ੍ਹਾਂ ਕਿਹਾ ਕਿ ਰੇਲਵੇ ਪ੍ਰਸ਼ਾਸਨ ਨੂੰ ਗਿਆਸਪੁਰਾ ਫਾਟਕ ਵਾਲੀ ਥਾਂ ’ਤੇ ਫਲਾਈਓਵਰ ਬਣਾਉਣਾ ਚਾਹੀਦਾ ਹੈ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
ਸੰਦੀਪ ਨੇ ਦੱਸਿਆ ਕਿ ਇੱਥੇ ਕਈ ਲੋਕ ਰੇਲਾਂ ਦੀ ਲਪੇਟ ਵਿੱਚ ਆ ਚੁੱਕੇ ਹਨ। ਦੂਜੇ ਪਾਸੇ ਰੇਲਵੇ ਪ੍ਰਸ਼ਾਸਨ ਨੇ ਮੌਕੇ ’ਤੇ ਵਾਧੂ ਬਲ ਤਾਇਨਾਤ ਕਰਕੇ ਫਾਟਕ ’ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਨ। ਅਧਿਕਾਰੀਆਂ ਮੁਤਾਬਕ ਗੇਟ ਨੂੰ ਜਲਦੀ ਹੀ ਦੁਬਾਰਾ ਬਣਾ ਕੇ ਲਗਾਇਆ ਜਾਵੇਗਾ।











