ਜਗਰਾਓਂ ‘ਚ ਬੰਦੂਕ ਦੀ ਨੋਕ ‘ਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਬਦਮਾਸ਼ਾਂ ਨੂੰ ਪਿੰਡ ਦੇ ਲੋਕਾਂ ਨੇ ਕਾਬੂ ਕਰਕੇ ਕੁੱਟਮਾਰ ਕੀਤੀ ਹੈ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਚਾਰੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਹਠੂਰ ਥਾਣੇ ਵਿੱਚ ਕੇਸ ਦਰਜ ਕਰ ਲਿਆ ਹੈ।
ਦੱਸ ਦਈਏ ਕਿ ਮੁਲਜ਼ਮਾਂ ਦੀ ਪਛਾਣ ਗੋਪੀ ਸਿੰਘ ਸੰਦੀਪ ਸਿੰਘ ਹੁਸਨਦੀਪ ਸਿੰਘ ਹਰਪਿੰਦਰ ਸਿੰਘ ਉਰਫ਼ ਪਿੰਦੀ ਵਾਸੀ ਪਿੰਡ ਬੰਧਨੀ ਕਲਾਂ ਵਜੋਂ ਹੋਈ ਹੈ। ਪੁਲੀਸ ਨੇ ਚਾਰੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਇਸਤੋਂ ਇਲਾਵਾ ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਕਈ ਮਾਮਲਿਆਂ ਦੇ ਸੁਰਾਗ ਮਿਲ ਸਕਦੇ ਹਨ। ਥਾਣਾ ਹਠੂਰ ਦੇ ਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ ਉਰਫ਼ ਲੱਖਾ ਵਾਸੀ ਪਿੰਡ ਨੱਥੋਵਾਲ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਘਰ ਮੌਜੂਦ ਸੀ।
ਇਸ ਦੌਰਾਨ ਮੌਕੇ ‘ਤੇ ਲੁੱਟ ਦਾ ਸ਼ਿਕਾਰ ਹੋਏ ਪਿੰਟੂ ਅਤੇ ਮੁਕੇਸ਼ ਵੀ ਪਿੰਡ ਨੱਥੋਵਾਲ ਪਹੁੰਚ ਗਏ। ਜਿਸ ਨੇ ਦੱਸਿਆ ਕਿ ਲੁਟੇਰਿਆਂ ਨੇ ਤਲਵਾਰ ਦੀ ਨੋਕ ‘ਤੇ ਉਸ ਕੋਲੋਂ 1100 ਰੁਪਏ ਅਤੇ ਮੋਬਾਈਲ ਲੁੱਟ ਲਿਆ ਸੀ। ਇੰਨਾ ਹੀ ਨਹੀਂ ਬਦਮਾਸ਼ਾਂ ਕੋਲ ਚੋਰੀ ਦੀ ਬਾਈਕ ਵੀ ਹੈ। ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਉਹ ਮੌਕੇ ‘ਤੇ ਪਹੁੰਚ ਗਏ। ਹਠੂਰ ਥਾਣਾ ਪੁਲਿਸ ਨੇ ਚਾਰੋਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਹੈ।












