ਗੁਰਦਾਸਪੁਰ, 6 ਦਸੰਬਰ, 2022: ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅੱਜ ਵਿਜੀਲੈਂਸ ਸਾਹਮਣੇ ਪੇਸ਼ ਹੋਏ ਹਨ। ਵਿਜੀਲੈਂਸ ਵੱਲੋਂ ਪੁੱਛਗਿੱਛ ਲਈ ਪਾਹੜਾ ਨੂੰ ਵਿਜੀਲੈਂਸ ਦਫਤਰ ਸੱਦਿਆ ਗਿਆ ਸੀ। ਜਿਸ ਦੇ ਲਈ ਉਹ ਆਪਣਾ ਪੱਖ ਰੱਖਣ ਲਈ ਵਿਜੀਲੈਂਸ ਦਫਤਰ ਗੁਰਦਾਸਪੁਰ ਵਿਖੇ ਪਹੁੰਚ ਗਏ ਹਨ। ਫਿਲਹਾਲ ਵਿਜੀਲੈਂਸ ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਵਿਧਾਇਕ ਪਾਸੋਂ ਕਿਸ ਤਰ੍ਹਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਤੋਂ ਹੀ ਵਿਧਾਇਕ ਪਾਹੜਾ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ ਦੀ ਚਰਚਾ ਛਿੜੀ ਸੀ। ਚਰਚਾ ਦਾ ਬਾਜ਼ਾਰ ਉਦੋਂ ਹੋਰ ਤੇਜ਼ ਹੋ ਗਿਆ ਸੀ ਜਦੋਂ 3 ਅਕਤੂਬਰ ਨੂੰ ਵਿਜੀਲੈਂਸ ਦੇ ਸਥਾਨਕ ਡੀਐਸਪੀ ਵੱਲੋਂ ਲੀਡ ਬੈਂਕ ਦੇ ਨਾਮ ਲਿਖਿਆ ਗਿਆ ਇੱਕ ਪੱਤਰ ਕਿਸੇ ਬੈਂਕ ਕਰਮਚਾਰੀ ਵੱਲੋਂ ਲੀਕ ਕਰ ਦਿੱਤਾ ਗਿਆ।
ਜਿਸ ਵਿੱਚ ਵਿਜੀਲੈਂਸ ਅਧਿਕਾਰੀ ਵੱਲੋਂ ਵਿਧਾਇਕ ਪਾਹੜਾ ਦੇ ਖਿਲਾਫ ਸ਼ੁਰੂ ਕੀਤੀ ਗਈ ਇਨਕੁਆਰੀ ਨੰਬਰ 3 ਮਿਤੀ 25 ਅਗਸਤ 2022 ਦਾ ਹਵਾਲਾ ਦਿੰਦੇ ਹੋਏ ਵੱਖ ਵੱਖ ਬੈਂਕਾਂ ਪਾਸੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਉਨ੍ਹਾਂ ਦੇ ਪਿਤਾ ,ਪਤਨੀ ਸਮੇਤ ਕੁਲ ਛੇ ਪਰਿਵਾਰਿਕ ਮੈਂਬਰਾਂ ਸਮੇਤ ਦੋ ਨਜ਼ਦੀਕੀਆਂ ਦੇ ਬੈਂਕ ਖਾਤਿਆਂ ਅਤੇ ਲੋਨ ਖਾਤਿਆਂ ਦਾ ਰਿਕਾਰਡ ਮੰਗਿਆ ਗਿਆ ਸੀ।