ਹੁਸ਼ਿਆਰਪੁਰ, 18 ਜੂਨ :ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਅਤੇ ਆਲਮੀ ਤਪਸ਼ ਤੋਂ ਨਿਜ਼ਾਤ ਪਾਉਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸਥਾਨਕ ਫਗਵਾੜਾ ਰੋਡ ’ਤ ਸੰਦੀਪ ਚੇਚੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਲਗਾਈ ਗਈ ਛਬੀਲ ਮੌਕੇ ਸ਼ਿਰਕਤ ਕਰਦਿਆਂ ਕੀਤਾ। ਇਸ ਦੌਰਾਨ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੀ ਉਨ੍ਹਾਂ ਨਾਲ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਕੈਬਨਿਟ ਮੰਤਰੀ ਜਿੰਪਾ ਨੇ ਇਸ ਦੌਰਾਨ ਜਿਥੇ ਰਾਹਗੀਰਾਂ ਨੂੰ ਠੰਡਾ-ਮਿੱਠਾ ਜਲ ਅਤੇ ਲੰਗਰ ਵਰਤਾਇਆ, ਉਥੇ ਬੂਟਿਆਂ ਦੀ ਵੀ ਵੰਡ ਕੀਤੀ। ਉਨ੍ਹਾਂ ਕਿਹਾ ਕਿ ਰੁੱਖਾਂ ਦੀ ਘਾਟ ਕਾਰਨ ਅੱਜ ਜਿਥੇ ਵਾਤਾਵਰਨ ਪਲੀਨ ਹੋ ਰਿਹਾ ਹੈ, ਉਥੇ ਧਰਤੀ ਦੇ ਤਾਪਮਾਨ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਨਾਲ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਇਕੋ-ਇਕ ਹੱਲ ਇਹ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਵੀ ਕਰੀਏ।
ਉਨ੍ਹਾਂ ਕਿਹਾ ਕਿ ਪਿਆਸੇ ਨੂੰ ਪਾਣੀ ਪਿਲਾਉਣਾ ਸਭ ਤੋਂ ਵੱਡਾ ਪੁੰਨ ਦਾ ਕੰਮ ਮੰਨਿਆ ਗਿਆ ਹੈ ਅਤੇ ਇਸ ਅੱਤ ਦੀ ਗਰਮੀ ਵਿਚ ਜਿਹੜੀਆਂ ਸੰਸਥਾਵਾਂ ਛਬੀਲ ਦੀ ਸੇਵਾ ਕਰ ਰਹੀਆਂ ਹਨ, ਉਹ ਬੇਹੱਦ ਸ਼ਲਾਘਾ ਦੀਆਂ ਪਾਤਰ ਹਨ। ਇਸ ਮੌਕੇ ਮਨੀਸ਼, ਬੰਟੀ, ਸਤਨਾਮ ਸਿੰਘ, ਰੋਹਿਤ, ਸਾਹਿਲ ਪੋਸਵਾਲ, ਲੱਖੀ, ਸ਼ੰਮੀ ਸੈਣੀ, ਲਖਵੀਰ ਸਿੰਘ, ਕਾਲਾ ਮੇਲੂ, ਬਿੱਲਾ, ਰਾਮਾ, ਸੋਨੂੰ ਕੁਮਾਰ, ਰਾਮ, ਭੋਡਾ, ਗੋਗੀ ਸਰਪੰਚ, ਬੌਬੀ, ਅਜੇ, ਚਰਨਜੀਤ, ਸੰਦੀਪ ਪੋਸਵਾਲ, ਰਵੀ ਚੌਧਰੀ ਅਤੇ ਹੋਰ ਹਾਜ਼ਰ ਸਨ।