ਚੰਡੀਗੜ੍ਹ, 27 ਅਗਸਤ (ਬਲਜੀਤ ਮਰਵਾਹਾ) : ਦੇਸ਼ ਵਿੱਚ ਧਾਰਮਿਕ ਅਸਹਿਣਸ਼ੀਲਤਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸੂਬੇ ਦੇ ਸਕੂਲਾਂ ਵਿੱਚ ਰੋਜ਼ਾਨਾ ਸਵੇਰ ਦੀ ਸਭਾ ਵਿੱਚ ਆਪਸੀ ਭਾਈਚਾਰੇ ਸਬੰਧੀ ਬੱਚਿਆਂ ਨੂੰ ਜਾਗਰੂਕ ਕਰਨ ਦੇ ਹੁਕਮ ਦਿੱਤੇ ਹਨ।
ਉਤਰ ਪ੍ਰਦੇਸ਼ ਦੇ ਇਕ ਨਿੱਜੀ ਸਕੂਲ ਵਿੱਚ ਵਾਪਰੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਬੈਂਸ ਨੇ ਕਿਹਾ ਕਿ ਇਸ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖ਼ਤਰਾ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤਾਂ ਪਹਿਲਾਂ ਹੀ ਗੁਰੂ ਸਾਹਿਬਾਨ ਵੱਲੋਂ ਦਿਖਾਏ ਸਾਂਝੀਵਾਲਤਾ ਦੇ ਮਾਰਗ ‘ਤੇ ਚਲਦਾ ਹੈ ਪਰੰਤੂ ਫਿਰ ਵੀ ਸ਼ੋਸ਼ਲ ਮੀਡੀਆ ਅਤੇ ਹੋਰ ਸੰਚਾਰ ਸਾਧਨਾ ਦੇ ਪ੍ਰਭਾਵ ਕਾਰਨ ਸਾਡੇ ਬੱਚਿਆਂ ਵਿੱਚ ਧਾਰਮਿਕ ਅਸਹਿਣਸ਼ੀਲਤਾ ਨਾ ਪੈਦਾ ਹੋ ਜਾਵੇ, ਇਸ ਨੂੰ ਰੋਕਣ ਲਈ ਪੰਜਾਬ ਰਾਜ ਦੇ ਸਕੂਲਾਂ ਵਿੱਚ ਸਵੇਰ ਦੀ ਸਭਾ ਦੌਰਾਨ ਵੱਖ-ਵੱਖ ਧਰਮਾਂ ਦੀ ਚੰਗੀਆਂ ਗੱਲਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਸਿੱਖਿਆ ਦੇਣ ਲਈ ਜਾਗਰੂਕ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸੂਬੇ ਵਿੱਚ ਧਾਰਮਿਕ ਸੁਹਾਰਦ ਨੂੰ ਹੋਰ ਵਧਾਉਣ ਵਿੱਚ ਮਦਦਗਾਰ ਸਾਬਿਤ ਹੋਵੇਗਾ ਅਤੇ ਭਾਈਚਾਰਕ ਏਕਤਾ ਵਧਾਉਣ ਵਿਚ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਨ ਦੇ ਵੀ ਆਦੇਸ਼ ਦਿੱਤੇ ਹਨ।