ਗੁਰਦਾਸਪੁਰ, 14 ਦਸੰਬਰ 2022 – ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਤਹਿਤ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਗੁਰਦਾਸਪੁਰ ਦੇ ਮੌਜੂਦਾ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਵਿਜੀਲੈਂਸ ਅਧਿਕਾਰੀਆਂ ਕੋਲੋਂ ਆਪਣੀ ਜਾਇਦਾਦ ਨਾਲ ਸਬੰਧਤ ਵੇਰਵਿਆਂ ਦਾ ਫਾਰਮ ਜਮ੍ਹਾਂ ਕਰਵਾਉਣ ਲਈ ਇਕ ਹਫ਼ਤੇ ਦਾ ਸਮਾਂ ਮੰਗਿਆ ਹੈ ।
ਮਾਮਲੇ ਦੇ ਜਾਂਚ ਅਧਿਕਾਰੀ ਡੀਐੱਸਪੀ ਨਿਰਮਲ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ।
ਉਨ੍ਹਾਂ ਕਿਹਾ ਕਿ ਪਾਹੜਾ ਨੂੰ ਅੱਜ ਕੁਝ ਜ਼ਰੂਰੀ ਦਸਤਾਵੇਜ਼ ਲਿਆਉਣ ਲਈ ਕਿਹਾ ਗਿਆ ਸੀ । ਉਨ੍ਹਾਂ ਦੇ ਭਰਾ ਨੇ ਉਨ੍ਹਾਂ ਦੇ ਦਫਤਰ ਮਿਲ ਕੇ ਬੇਨਤੀ ਕੀਤੀ ਸੀ ਕਿ ਵਿਧਾਇਕ ਨੂੰ ਰਸਮੀ ਕਾਰਵਾਈ ਪੂਰੀ ਕਰਨ ਲਈ ਘੱਟੋ-ਘੱਟ ਸੱਤ ਦਿਨ ਹੋਰ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਨੇ ਉਨ੍ਹਾਂ ਦੀ ਬੇਨਤੀ ਮੰਨ ਲਈ ਹੈ। ਵਿਧਾਇਕ ਪਾਹੜਾ ਨੂੰ ਹੁਣ 21 ਦਸੰਬਰ ਜਾਂ ਇਸ ਤੋਂ ਪਹਿਲਾਂ ਕਾਗਜ਼ ਦਾਖਲ ਕਰਨੇ ਪੈਣਗੇ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 6 ਦਸੰਬਰ ਨੂੰ ਵਿਧਾਇਕ, ਉਨ੍ਹਾਂ ਦੇ ਪਿਤਾ, ਭਰਾ ਅਤੇ ਇੱਕ ਰਿਸ਼ਤੇਦਾਰ ਨੂੰ ਕਰੀਬ 8 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ । ਐੱਸਐੱਸਪੀ, ਵਿਜੀਲੈਂਸ (ਅੰਮ੍ਰਿਤਸਰ ਰੇਂਜ), ਡੀਐੱਸਪੀ ਨਿਰਮਲ ਸਿੰਘ ਅਤੇ ਇੰਸਪੈਕਟਰ ਚੇਤਨ ਸਲਾਰੀਆ ਟੀਮ ਦੇ ਮੈਂਬਰ ਸਨ, ਜਿਨ੍ਹਾਂ ਵਿਧਾਇਕ ਤੋਂ ਪੁੱਛਗਿੱਛ ਕੀਤੀ ਸੀ । ਉਸ ਸਮੇਂ ਪਾਹੜਾ ਨੂੰ ਕੁਝ ਫਾਰਮ ਸੌਂਪੇ ਗਏ ਸਨ, ਜੋ ਉਨ੍ਹਾਂ ਨੇ ਅੱਜ ਭਰ ਕੇ ਜਮ੍ਹਾਂ ਕਰਵਾਉਣੇ ਸਨ। ਇਸ ਤੋਂ ਇੱਕ ਮਹੀਨਾ ਪਹਿਲਾਂ, ਵਿਧਾਇਕ ਅਤੇ ਉਸਦੇ ਪਰਿਵਾਰ ਦੇ ਕਈ ਮੈਂਬਰਾਂ ਨੂੰ ਆਪਣੇ ਬੈਂਕ ਵੇਰਵੇ ਸੌਂਪਣ ਲਈ ਕਿਹਾ ਗਿਆ ਸੀ।












