ਚੰਡੀਗੜ੍ਹ 22 ਅਗਸਤ – ਪੰਜਾਬ ਦੇ ਸੀਨੀਅਰ ਵਿਰੋਧ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰੇਕ ਫਰੰਟ ਤੇ ਅਸਫਲ ਰਹੀ ਹੈ। ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਵਚਨਬੱਧਤਾ ਜਿਸ ਤੇ ਇੰਨ੍ਹਾਂ ਨੇ ਭਾਰੀ ਬਹੁਮਤ ਹਾਸਲ ਕੀਤਾ ਸੀ, ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਸਾਬਤ ਹੋ ਰਿਹਾ ਹੈ। ਦਿੱਲੀ ਵਿਚ ਬੈਠੇ ਪੰਜਾਬ ਸਰਕਾਰ ਦੇ ਅਸਲ ਆਕਾਵਾਂ ਨੂੰ ਸੀ.ਬੀ.ਆਈ. ਦੇ ਸਵਾਲਾਂ ਦੇ ਜਵਾਬ ਦੇਣ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕਿ ਪੰਜਾਬ ਵਿੱਚ ਚਿੰਤਾ ਵਾਲੀ ਸਥਿਤੀ ਦਾ ਸੰਕੇਤ ਵੀ ਦਿੰਦਾ ਹੈ ਕਿਉਂਕਿ ਦਿੱਲੀ ਵਿੱਚ ਨੀਤੀਆਂ ਬਣਾ ਕੇ ਇੱਥੇ ਲਾਗੂ ਕੀਤੀਆਂ ਜਾ ਰਹੀਆਂ ਹਨ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਚੁਣੀ ਹੋਈ ਸਰਕਾਰ ਦੀ ਵਜ਼ਾਰਤ ਕੋਲ ਪ੍ਰਸ਼ਾਸਨ ਚਲਾਉਣ ਦਾ ਕੋਈ ਤਜ਼ਰਬਾ ਨਹੀਂ ਹੈ। ਉਹ ਪੰਜਾਬ ਸਕੱਤਰੇਤ ਵਿਚ ਘੱਟ ਹੀ ਨਜ਼ਰ ਆਉਂਦੇ ਹਨ, ਪਰ ਉਹ ਵੱਖ-ਵੱਖ ਵਿਭਾਗਾਂ ਵਿੱਚ ਜਾ ਕੇ ਛਾਪੇ ਮਾਰਦੇ ਹਨ, ਹੰਗਾਮੇ ਕਰਦੇ ਹਨ ਅਤੇ ਸੋਸ਼ਲ ਮੀਡਿਆ ਤੇ ਸਰਗਰਮ ਨਜ਼ਰ ਆਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਲੋਕਾਂ ਨੂੰ ਅਸਲ ਮੁੱਦਿਆਂ ‘ਤੇ ਧਿਆਨ ਭਟਕਾਉਣ ਦਾ ਯਤਨ ਕਰ ਰਹੀ ਹੈ। ਬਾਜਵਾ ਨੇ ਕਿਹਾ ਕਿ ਆਪ ਪਾਰਟੀ ਸ਼ਹੀਦੇ-ਏ-ਆਜ਼ਾਮ ਭਗਤ ਸਿੰਘ ਨੂੰ ਆਦਰਸ਼ ਬਣਾਉਣ ਦੇ ਡਰਾਮੇ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ, ਲੋਕ ਇੰਨ੍ਹਾਂ ਦੀ ਅਸਲੀਅਤ ਨੂੰ ਪਛਾਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਇਤਿਹਾਸ ਨੂੰ ਪੜ੍ਹਣ ਦੀ ਲੋਂੜ ਹੈ ਅਤੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਦੇ ਆਦਰਸ਼ਾਂ ਤੋਂ ਸਿੱਖਿਆ ਤੇ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਦੁੱਖਾਂਤ ਦੀ ਗੱਲ ਹੈ ਕਿ ਭਗਤ ਸਿੰਘ ਦੇ ਆਦਰਸ਼ਾਂ ਨੂੰ ਦਰਸਾਉਂਣ ਵਾਲੇ ਲੋਕ ਧੋਖੇਬਾਜ਼ ਗਤੀਵਿਧੀਆਂ ਵਿਚ ਸ਼ਾਮਲ ਹਨ।












