ਲੁਧਿਆਣਾ ਕਾਊਂਟਰ ਇੰਟੈਲੀਜੈਂਸ ਅਤੇ ਜ਼ਿਲ੍ਹਾ ਪੁਲਿਸ ਟੀਮ ਨੇ ਪੰਜਾਬ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੀ ਨੰਗਲ ਇਕਾਈ ਦੇ ਪ੍ਰਧਾਨ ਵਿਕਾਸ ਬੱਗਾ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦਾ ਨਾਂ ਮੁਕੁਲ ਮਿਸ਼ਰਾ ਹੈ।
ਦੱਸ ਦਈਏ ਟੀਮ ਨੇ ਮੁਕੁਲ ਨੂੰ ਟਰਾਂਸਪੋਰਟ ਨਗਰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਹੈ। ਸੂਤਰਾਂ ਮੁਤਾਬਕ ਪੁਲਿਸ ਅਜੇ ਵੀ ਧਮੇਂਦਰ ਨਾਂ ਦੇ ਵਿਅਕਤੀ ਦੀ ਭਾਲ ਕਰ ਰਹੀ ਹੈ। ਮੁਕੁਲ ਲੰਬੇ ਸਮੇਂ ਤੋਂ ਲੋੜੀਂਦਾ ਸੀ। ਮੁਲਜ਼ਮ ਉੱਤਰ ਪ੍ਰਦੇਸ਼ ਵਿੱਚ ਵੀ ਲੋੜੀਂਦਾ ਸੀ। ਪੰਜਾਬ ਅਤੇ ਜੰਮੂ-ਕਸ਼ਮੀਰ ਦੀਆਂ ਪੁਲਿਸ ਟੀਮਾਂ ਦੀ ਸਾਂਝੀ ਛਾਪੇਮਾਰੀ ਤੋਂ ਬਾਅਦ ਹੀ ਪੁਲਿਸ ਮੁਕੁਲ ਤੱਕ ਪਹੁੰਚ ਸਕੀ।
ਪ੍ਰਾਪਤ ਜਾਣਕਾਰੀ ਅਨੁਸਾਰ 13 ਅਪ੍ਰੈਲ ਨੂੰ ਵਿਕਾਸ ਬੱਗਾ ਰੇਲਵੇ ਰੋਡ ‘ਤੇ ਆਪਣੀ ਮਿਠਾਈ ਦੀ ਦੁਕਾਨ ‘ਤੇ ਬੈਠਾ ਸੀ ਕਿ ਸ਼ਾਮ 5 ਵਜੇ ਦੇ ਕਰੀਬ ਦੋ ਨੌਜਵਾਨਾਂ ਨੇ ਆ ਕੇ ਉਸ ਦੇ ਸਿਰ ‘ਚ ਗੋਲੀ ਮਾਰ ਦਿੱਤੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਨਾਲ ਹੀ ਸੀਸੀਟੀਵੀ ਕਲਿੱਪ ਵਿੱਚ ਦਿਖਾਇਆ ਗਿਆ ਕਿ ਦੋ ਨੌਜਵਾਨ ਬਿਨਾਂ ਨੰਬਰ ਪਲੇਟ ਦੇ ਸਕੂਟਰ ’ਤੇ ਆਏ। ਇੱਕ ਨੇ ਹੈਲਮੇਟ ਪਾਇਆ ਹੋਇਆ ਸੀ ਅਤੇ ਦੂਜੇ ਨੇ ਆਪਣਾ ਚਿਹਰਾ ਢੱਕਿਆ ਹੋਇਆ ਸੀ। ਹੈਲਮੇਟ ਪਹਿਨੇ ਨੌਜਵਾਨ ਦੁਕਾਨ ਦੇ ਅੰਦਰ ਚਲਾ ਗਿਆ ਅਤੇ ਇੱਕ ਮਿੰਟ ਬਾਅਦ ਵਾਪਸ ਆ ਗਿਆ। ਇਸ ਤੋਂ ਬਾਅਦ ਉਹ ਆਪਣੇ ਦੂਜੇ ਸਾਥੀ ਨਾਲ ਸਕੂਟਰ ‘ਤੇ ਭੱਜ ਗਿਆ।












