ਲੁਧਿਆਣਾ ‘ਚ ਪਰਿਵਾਰਕ ਝਗੜੇ ਨੂੰ ਲੈ ਕੇ ਥਾਣੇ ਪਹੁੰਚੇ ਨੌਜਵਾਨ ਨੇ ਥਾਣੇਦਾਰ ‘ਤੇ ਉਸ ਨੂੰ ਜ਼ਲੀਲ ਕਰਨ ਅਤੇ ਫਿਰ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਮਾਮਲਾ ਵਧਦਾ ਦੇਖ ਕੇ ਮੁਹੱਲੇ ਦੇ ਲੋਕ ਥਾਣੇ ਪਹੁੰਚ ਗਏ ਅਤੇ ਕੁੱਟਮਾਰ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਐਸਐਚਓ ਖ਼ਿਲਾਫ਼ ਲਿਖਤੀ ਸ਼ਿਕਾਇਤ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੁਧਿਆਣਾ ਦੇ ਥਾਣਾ ਸ਼ਿਮਲਾਪੁਰੀ ਪਹੁੰਚੇ ਲੁਧਿਆਣਾ ਵਾਸੀ ਅਜੇ ਕੁਮਾਰ ਨੇ ਦੱਸਿਆ ਕਿ ਉਸ ਦਾ ਇਕ ਪਰਿਵਾਰਕ ਮੈਟਰ ਹੈ। ਇਸ ਮਾਮਲੇ ਵਿੱਚ ਅੱਜ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ। ਜਦੋਂ ਥਾਣੇਦਾਰ ਨੇ ਦੂਜੀ ਧਿਰ ਦਾ ਪੱਖ ਲੈਣਾ ਸ਼ੁਰੂ ਕੀਤਾ ਤਾਂ ਉਸ ਨੇ ਵੀ ਆਪਣਾ ਪੱਖ ਪੇਸ਼ ਕਰਨ ਲਈ ਕਿਹਾ। ਦੋਸ਼ ਹੈ ਕਿ ਥਾਣੇਦਾਰ ਇੰਨਾ ਗੁੱਸੇ ‘ਚ ਆ ਗਿਆ ਕਿ ਉਸ ਨੇ ਗੁੱਸੇ ‘ਚ ਆ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਅਜੈ ਕੁਮਾਰ ਨੇ ਦੱਸਿਆ ਕਿ ਥਾਣੇ ਦੇ ਅੰਦਰ ਹੀ ਐਸਐਚਓ ਹਿੰਮਤ ਕੁਮਾਰ ਅਤੇ ਇੱਕ ਹੋਰ ਪੁਲਿਸ ਮੁਲਾਜ਼ਮ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਬਹੁਤ ਜ਼ਲੀਲ ਕੀਤਾ। ਉਨ੍ਹਾਂ ਮੰਗ ਕੀਤੀ ਕਿ ਥਾਣੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਇਸ ਦੀ ਜਾਂਚ ਕਰਵਾਈ ਜਾਵੇ। ਹਮਲਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਹ ਇੱਥੇ ਹੀ ਆਪਣੀ ਜਾਨ ਦੇ ਦੇਣਗੇ।
ਇਸ ਮਾਮਲੇ ਦਾ ਪਤਾ ਲੱਗਣ ‘ਤੇ ਸਮੂਹ ਮੁਹੱਲੇ ਦੇ ਲੋਕ ਥਾਣੇ ਪਹੁੰਚ ਗਏ ਅਤੇ ਹੰਗਾਮਾ ਕਰ ਕੇ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਇਸ ਸਬੰਧੀ ਥਾਣਾ ਸਦਰ ਦੇ ਐਸਐਚਓ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ।
ਸ਼ਿਮਲਾਪੁਰੀ ਥਾਣੇ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਲਿਖਤੀ ਸ਼ਿਕਾਇਤ ਉਨ੍ਹਾਂ ਕੋਲ ਪਹੁੰਚ ਗਈ ਹੈ। ਉਹ ਮਾਮਲੇ ਦੀ ਜਾਂਚ ਕਰ ਰਿਹਾ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।