ਜਲੰਧਰ ‘ਚ 10 ਦਿਨ ਪਹਿਲਾਂ ਬਸਤੀ ਬਾਵਾ ਅਧੀਨ ਪੈਂਦੇ ਨਿਊ ਰਤਨਾ ਨਗਰ ਵਿੱਚ ਬੱਚਿਆਂ ਦੀ ਲੜਾਈ ਤੋਂ ਬਾਅਦ ਦੋ ਪਰਿਵਾਰ ਆਪਸ ਵਿੱਚ ਭਿੜ ਗਏ। ਇਸ ਦੌਰਾਨ ਗੁਆਂਢੀਆਂ ਨੇ ਗਰਭਵਤੀ ਔਰਤ ਦੀ ਕੁੱਟਮਾਰ ਕੀਤੀ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ।
6 ਮਹੀਨੇ ਦੀ ਗਰਭਵਤੀ ਦਾ ਪਤੀ ਸੋਨੂੰ ਸਿੰਘ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਸਮੇਤ ਮ੍ਰਿਤਕ ਭਰੂਣ ਨੂੰ ਲੈ ਕੇ ਥਾਣੇ ਪਹੁੰਚਿਆ। ਸਾਰਿਆਂ ਨੇ ਉਥੇ ਹੰਗਾਮਾ ਕੀਤਾ ਅਤੇ ਭਰੂਣ ਨੂੰ ਥਾਣੇ ‘ਚ ਰੱਖ ਕੇ ਧਰਨਾ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਜਿਸ ਦਿਨ ਕੁੱਟਮਾਰ ਦੀ ਘਟਨਾ ਵਾਪਰੀ ਸੀ, ਉਸੇ ਦਿਨ ਥਾਣਾ ਸਦਰ ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਸਟਾਫ਼ ਥਾਣਾ ਬਸਤੀ ਬਾਵਾ ਨੇ ਦੱਸਿਆ ਕਿ ਸ਼ਿਕਾਇਤ ਮਿਲਣ ‘ਤੇ ਕੁੱਟਮਾਰ ਕਰਨ ਦੇ ਦੋਸ਼ ‘ਚ ਧਾਰਾ 323 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ।ਹੁਣ ਡਾਕਟਰ ਦੀ ਰਿਪੋਰਟ ਆਉਣ ਤੋਂ ਬਾਅਦ ਕੇਸ ਦੀਆਂ ਧਾਰਾਵਾਂ ਬਦਲ ਦਿੱਤੀਆਂ ਜਾਣਗੀਆਂ। ਜਦਕਿ ਪੀੜਤ ਔਰਤ ਦੇ ਰਿਸ਼ਤੇਦਾਰ ਕਹਿ ਰਹੇ ਹਨ ਕਿ ਪੁਲਿਸ ਨੇ 10 ਦਿਨਾਂ ਵਿੱਚ ਇੱਕ ਵੀ ਗ੍ਰਿਫ਼ਤਾਰੀ ਨਹੀਂ ਕੀਤੀ ਹੈ।
ਜਾਣਕਾਰੀ ਦਿੰਦਿਆਂ ਸੋਨੂੰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਤੇ ਇਲਾਕੇ ਦੀ ਇਕ ਔਰਤ ਨੇ ਕੁੱਟਮਾਰ ਕੀਤੀ ਅਤੇ ਥੱਪੜ ਮਾਰਿਆ। ਉਹ ਅਤੇ ਉਸਦੀ ਪਤਨੀ ਇਸਦੀ ਸ਼ਿਕਾਇਤ ਕਰਨ ਉਸਦੇ ਘਰ ਗਏ। ਉਸ ਨੇ ਘਰ ਦੀ ਬਜ਼ੁਰਗ ਔਰਤ ਨੂੰ ਕਿਹਾ ਕਿ ਬੱਚਿਆਂ ਦਾ ਆਪਸ ਵਿੱਚ ਲੜਾਈ ਹੋ ਰਹੀ ਹੈ, ਉਹ ਫਿਰ ਇਕੱਠੇ ਹੋਣਗੇ। ਤੁਹਾਨੂੰ ਬੱਚਿਆਂ ‘ਤੇ ਹੱਥ ਨਹੀਂ ਚੁੱਕਣਾ ਚਾਹੀਦਾ ਸੀ। ਇਸ ਦੌਰਾਨ ਮਹਿਲਾ ਦੇ ਬੇਟੇ ਅਤੇ ਨੂੰਹ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਲਾਕੇ ਵਿੱਚ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁੱਟਮਾਰ ਦੌਰਾਨ ਗੁਆਂਢੀਆਂ ਨੇ ਉਸ ਦੀ ਗਰਭਵਤੀ ਪਤਨੀ ਦੇ ਪੇਟ ਵਿੱਚ ਲੱਤਾਂ ਮਾਰੀਆਂ ਅਤੇ ਮੁੱਕਾ ਮਾਰਿਆ। ਜਿਸ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ। ਉਸੇ ਦਿਨ ਪਹਿਲਾਂ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਉਸ ਤੋਂ ਬਾਅਦ ਪਤਨੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ 10 ਦਿਨਾਂ ਬਾਅਦ ਇਲਾਜ ਦੌਰਾਨ ਹੀ ਪੇਟ ‘ਚ 6 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ।